ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਕੌਮਾਂਤਰੀ ਉਡਾਣਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਏਅਰ ਇੰਡੀਆ ਨੇ ਅਧਿਕਾਰਤ ਖਾਤੇ ਉੱਤੇ ਟਵੀਟ ਕਰਕੇ 24 ਮਈ ਨੂੰ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਹੈ।
ਇਹ ਦਿਸ਼ਾ ਨਿਰਦੇਸ਼ 8 ਅਗਸਤ ਤੋਂ ਲਾਗੂ ਹੋਣਗੇ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਦੇਸ਼ ਵਿੱਚ ਨਿਰਧਾਰਤ ਕੌਮਾਂਤਰੀ ਉਡਾਣਾਂ ਉੱਤੇ ਪਾਬੰਦੀ 31 ਅਗਸਤ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵਿਦੇਸ਼ੀ ਉਡਾਣਾਂ 31 ਜੁਲਾਈ ਨੂੰ ਮੁਅੱਤਲ ਕਰ ਦਿੱਤੀਆਂ ਗਈਆਂ ਸਨ।
ਇਹ ਹਨ ਨਵੇਂ ਦਿਸ਼ਾ ਨਿਰਦੇਸ਼
ਸਾਰੇ ਯਾਤਰੀਆਂ ਨੂੰ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਵੈਬਸਾਈਟ newdelhiairport.in 'ਤੇ ਸਵੈ-ਘੋਸ਼ਣਾ ਪੱਤਰ ਜਮ੍ਹਾ ਕਰਵਾਉਣਾ ਪਵੇਗਾ।
ਉਨ੍ਹਾਂ ਨੂੰ ਵੈਬਸਾਈਟ 'ਤੇ ਇਕ ਵਚਨ ਦੇਣਾ ਪਵੇਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਤੌਰ 'ਤੇ ਕੁਆਰੰਟੀਨ ਰਹਿਣਗੇ। ਉਨ੍ਹਾਂ ਨੂੰ ਆਪਣੇ ਖਰਚੇ 'ਤੇ 7 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਦਾ ਭੁਗਤਾਨ ਕਰਨਾ ਪਵੇਗਾ ਅਤੇ ਇਸ ਤੋਂ ਬਾਅਦ ਘਰ ਵਿੱਚ ਹੀ 7 ਦਿਨ ਲਈ ਸੈਲਫ ਕੁਆਰੰਟੀਨ ਰਹਿਣਾ ਪਵੇਗਾ।
ਸੰਸਥਾਗਤ ਕੁਆਰੰਟੀਨ ਤੋਂ ਛੋਟ ਪ੍ਰਾਪਤ ਕਰਨ ਲਈ, ਯਾਤਰੀ ਨੂੰ ਆਰਟੀ-ਪੀਸੀਆਰ ਦੀ ਨੈਗੇਟਿਵ ਜਾਂਚ ਰਿਪੋਰਟ ਆਉਣ ਸਾਰ ਜਮ੍ਹਾ ਕਰਨੀ ਪਵੇਗੀ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਯਾਤਰੀਆਂ ਦੀ ਆਮਦ ਤੋਂ ਬਾਅਦ ਸੂਬਾ ਸਰਕਾਰ ਆਪਣੇ ਮੁਤਾਬਕ ਕੁਆਰੰਟੀਨ ਅਤੇ ਆਈਸੋਲੇਸ਼ਨ ਦੀ ਪ੍ਰੋਟੋਕਾਲ ਫਾਲੋ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕੇਂਦਰ ਨੇ ਸਕ੍ਰੀਨਿੰਗ ਪ੍ਰਕਿਰਿਆ ਦੀ ਕੁਸ਼ਲਤਾ ਨੂੰ ਵਧਾਉਣ ਲਈ ਵੱਡੇ ਪੱਧਰ 'ਤੇ ਬੁਖਾਰ ਦੀ ਜਾਂਚ ਲਈ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਨੂੰ ਸਕ੍ਰੀਨਿੰਗ ਪ੍ਰਣਾਲੀ ਦਿੱਤੀ ਹੈ।
ਇੱਕ ਨਿਊਜ਼ ਏਜੰਸੀ ਮੁਤਾਬਕ, ਨਵਾਂ ਥਰਮਲ ਸਕੈਨਰ ਲੋਕਾਂ ਨੂੰ ਸਕੈਨ ਕਰਨ, ਸਰੀਰ ਦੇ ਤਾਪਮਾਨ ਦੇ ਜ਼ਰੀਏ ਉਨ੍ਹਾਂ ਦੀ ਲਾਗ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ। ਸਿਸਟਮ ਆਪਣੇ ਆਪ ਵਿੱਚ ਕਿਸੇ ਮਨੁੱਖੀ ਦਖਲ ਤੋਂ ਬਿਨਾਂ ਆਸਪਾਸ ਦੇ ਤਾਪਮਾਨ ਨੂੰ ਅਨੁਕੂਲ ਕਰ ਲੈਂਦਾ ਹੈ।