ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੇ ਤਾਲਾਬੰਦੀ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਉੱਥੇ ਹੀ, ਸਿਹਤ ਮੰਤਰਾਲੇ ਵਲੋਂ ਬੁੱਧਵਾਰ ਨੂੰ ਕੋਵਿਡ -19 ਨਾਲ ਪ੍ਰਭਾਵਿਤ ਲੋਕਾਂ ਦੇ ਅੰਕੜਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨੇ ਕੁੱਲ 414 ਲੋਕਾਂ ਦੀ ਜਾਨ ਲੈ ਲਈ ਹੈ ਅਤੇ 12,380 ਲੋਕ ਪੀੜਤ ਹਨ, ਜਿਨ੍ਹਾਂ ਚੋਂ 1,489 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ।
ਸਿਹਤ ਮੰਤਰਾਲੇ ਤੋਂ ਬੁੱਧਵਾਰ ਨੂੰ ਰਾਹਤ ਦੀ ਖ਼ਬਰ ਆਈ ਹੈ ਕਿ ਦੇਸ਼ ਅਜੇ ਤੀਜੇ ਪੜਾਅ ਤੱਕ ਨਹੀਂ ਪਹੁੰਚਿਆ ਹੈ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਤੋਂ ਬਾਅਦ, 20 ਅਪ੍ਰੈਲ ਤੋਂ ਛੋਟ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਵਿੱਚ, 33 ਪੀੜਤਾਂ ਦੀ ਮੌਤ ਹੋ ਗਈ ਹੈ। ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 9 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 6 ਪੁਣੇ, 2 ਮੁੰਬਈ ਅਤੇ 1 ਅਕੋਲਾ ਦੇ ਸਨ। ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇੱਥੇ ਇੱਕ ਦਿਨ ਵਿੱਚ 5-5 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।
ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ 3 ਮੌਤਾਂ, ਮੱਧ ਪ੍ਰਦੇਸ਼, ਦਿੱਲੀ, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2 ਮੌਤਾਂ ਹੋਈਆਂ। ਤੇਲੰਗਾਨਾ ਅਤੇ ਪੰਜਾਬ ਵਿਚ 1-1 ਮਰੀਜ਼ਾਂ ਦੀ ਮੌਤ ਹੋ ਗਈ। ਮੇਘਾਲਿਆ ਵਿਚ 69 ਸਾਲਾ ਡਾਕਟਰ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਇਹ ਚੌਥੇ ਡਾਕਟਰ ਦੀ ਮੌਤ ਹੈ।
170 ਜ਼ਿਲ੍ਹਿਆਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਗਿਆ
ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਕੁੱਲ 170 ਜ਼ਿਲ੍ਹਿਆਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਗਿਆ ਹੈ, ਜਦੋਂ ਕਿ 207 ਖੇਤਰਾਂ ਦੀ ਪਛਾਣ ਗੈਰ-ਹੌਟਸਪੌਟਸ ਵਜੋਂ ਕੀਤੀ ਗਈ ਹੈ।