ਨਵੀਂ ਦਿੱਲੀ: ਬਲਾਤਕਾਰ ਮਾਮਲੇ ਵਿੱਚ ਜੇਲ੍ਹ 'ਚ ਸਜਾ ਕਟ ਰਹੇ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਵੱਲੋਂ ਦਿੱਤੇ ਗਏ ਬਿਆਨ 'ਤੇ ਉਨ੍ਹਾਂ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਬੱਬਰ ਖ਼ਾਲਸਾ ਵਰਗੇ ਅੱਤਵਾਦੀ ਸੰਗਠਨਾਂ ਤੋਂ ਰਾਮ ਰਹੀਮ ਨੂੰ ਖ਼ਤਰਾ ਹੈ, ਪਰ ਉਨ੍ਹਾਂ ਵੱਲੋਂ ਆਪਣੇ ਬਿਆਨ 'ਚ ਅਕਾਲੀ ਦਲ ਦਾ ਨਾਂਅ ਗ਼ਲਤੀ ਤੋਂ ਲਿਆ ਗਿਆ।
ਅਕਾਲੀ ਦਲ ਤੋਂ ਰਾਮ ਰਹੀਮ ਨੂੰ ਖ਼ਤਰਾ ਦੱਸਣ ਵਾਲੇ ਜੇਲ੍ਹ ਮੰਤਰੀ ਨੇ ਦਿੱਤੀ ਸਫ਼ਾਈ - ਅਕਾਲੀ ਦਲ
ਬੱਬਰ ਖ਼ਾਲਸਾ ਅਤੇ ਅਕਾਲੀ ਦਲ ਤੋਂ ਰਾਮ ਰਹੀਮ ਨੂੰ ਖ਼ਤਰਾ ਦੱਸਣ ਵਾਲੇ ਬਿਆਨ 'ਤੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਆਪਣੀ ਸਫ਼ਾਈ ਦਿੱਤੀ ਹੈ।
ਦਰਅਸਲ ਜੇਲ੍ਹ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਰਾਮ ਰਹੀਮ ਨੂੰ ਕੌਮਾਂਤਰੀ ਪੱਧਰ ਉੱਤੇ ਬੱਬਰ ਖ਼ਾਲਸਾ ਵਰਗੇ ਅੱਤਵਾਦੀ ਗਿਰੋਹਾਂ ਅਤੇ ਅਕਾਲੀ ਦਲ ਤੋਂ ਜਾਨ ਦਾ ਖ਼ਤਰਾ ਹੈ। ਇਸ ਲਈ ਰਾਮ ਰਹੀਮ ਦੀ ਜੇਲ੍ਹ ਵਿੱਚ ਸੁਰੱਖਿਆ ਹੋਰ ਕੈਦੀਆਂ ਤੋਂ ਅਲੱਗ ਕੀਤੀ ਗਈ ਹੈ। ਜੇਲ੍ਹ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਹੋਰ ਕੈਦੀ ਰਾਮ ਰਹੀਮ ਦੀ ਸੁਰੱਖਿਆ ਤੋਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵੀ ਦਿੱਤੀ ਹੈ। ਜਿਸ ਉੱਤੇ ਸੋਚ-ਸਮਝ ਕੇ ਹੀ ਫ਼ੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਰਾਮ ਰਹੀਮ ਨੂੰ ਹੋਰ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਸੁਰੱਖਿਅਤ ਹਨ। ਇਸ ਲਈ ਫਿਲਹਾਲ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਹੀ ਰੱਖਿਆ ਜਾਵੇਗਾ।