ਚੰਡੀਗੜ੍ਹ: ਦੇਸ਼ ਦੇ ਅੰਨਦਾਤਾ 26 ਜਨਵਰੀ ਮੌਕੇ ਦਿੱਲੀ ’ਚ 'ਕਿਸਾਨ ਗਣਤੰਤਰ ਪਰੇਡ' ਲਈ ਤਿਆਰ ਹਨ। ਲੱਖਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਰਹੇ ਹਨ। ਕਿਸਾਨਾਂ ਦੀ ਨੀਅਤ ਬਿਲਕੁਲ ਸਾਫ਼ ਹੈ ਕਿ ਇਸ ਵਾਰ ਉਹ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਹਨ ਤੇ ਇੱਕ ਕਦਮ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ।
ਇਸ ਕਿਸਾਨ ਅੰਦੋਲਨ ’ਚ ਵੈਸੇ ਤਾਂ ਹਰ ਸੂਬੇ ਦੇ ਕਿਸਾਨ ਅਹਿਮ ਰੋਲ ਅਦਾ ਕਰ ਰਹੇ ਹਨ, ਪਰ ਗੱਲ ਜੇਕਰ ਹਰਿਆਣਾ ਦੇ ਕਿਸਾਨਾਂ ਦੀ ਕਰੀਏ ਤਾਂ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਪਹੁੰਚ ਰਹੇ ਹਨ। ਇਹ ਕਿਸਾਨ ਹਰਿਆਣਾ ਦੇ ਹਰ ਜ਼ਿਲ੍ਹੇ ਤੋਂ ਦਿੱਲੀ ਲਈ ਕੂਚ ਕਰ ਰਹੇ ਹਨ। ਕਰਨਾਲ ਤੋਂ ਤਾਂ ਕਿਸਾਨ ਸੰਗਠਨਾਂ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਟਰੈਕਟਰ ਗਣਤੰਤਰ ਪਰੇਡ ਲਈ ਪਹੁੰਚ ਚੁੱਕੇ ਹਨ। ਉੱਥੇ ਹੀ ਜੇਕਰ ਗੱਲ ਜੀਂਦ, ਪਾਣੀਪਤ, ਰੋਹਤਕ ਅਤੇ ਕੈਥਲ ਦੀ ਕੀਤੀ ਜਾਵੇ ਤਾਂ ਇੱਥੋ ਵੀ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਪਹੁੰਚ ਰਹੇ ਹਨ। ਮੋਟੇ ਤੌਰ ’ਤੇ ਦੇਖਿਆ ਜਾਵੇ ਤਾਂ ਸਿਰਫ਼ ਸਿੰਘੂ ਬਾਰਡਰ ’ਤੇ ਹੀ ਕੱਲ ਲੱਖਾਂ ਟਰੈਕਟਰਾਂ ਦਾ ਹਜ਼ੂਮ ਪਰੇਡ ਕਰੇਗਾ।
ਹਰਿਆਣਾ ਤੋਂ ਇੱਕ ਲੱਖ ਟਰੈਕਟਰ ਪਰੇਡ ’ਚ ਹੋਣਗੇ ਸ਼ਾਮਲ
ਗਣਤੰਤਰ ਦਿਵਸ ’ਤੇ ਹੋਣ ਵਾਲੀ ਟਰੈਕਟਰ ਪਰੇਡ ’ਚ ਹਰਿਆਣਾ ਦੇ ਕਿਸਾਨ ਵੱਧ-ਚੜ੍ਹ ਕੇ ਹਿੱਸਾ ਲੈਂਦੇ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਤੋਂ ਲਗਭਗ ਇੱਕ ਲੱਖ ਟਰੈਕਟਰ ਕਿਸਾਨ ਗਣਤੰਤਰ ਪਰੇਡ ’ਚ ਸ਼ਾਮਲ ਹੋਣਗੇ। ਕੁਝ ਵੱਡੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਕਰਨਾਲ ਤੋਂ 20 ਹਜ਼ਾਰ ਦੇ ਨੇੜੇ-ਤੇੜੇ ਟਰੈਕਟਰ ਪਹੁੰਚੇ ਹਨ। ਅੰਬਾਲਾ ਜ਼ਿਲ੍ਹੇ ਤੋਂ 15 ਹਜ਼ਾਰ, ਕੁਰੂਸ਼ੇਤਰ ਤੋਂ 5 ਹਜ਼ਾਰ, ਫਤੇਹਾਬਾਦ ਤੋਂ 9 ਹਜ਼ਾਰ, ਝੱਜਰ ਤੋਂ 5 ਹਜ਼ਾਰ, ਫਰੀਦਾਬਾਦ ਅਤੇ ਪਲਵਲ ਤੋਂ 1 ਹਜ਼ਾਰ, ਜੀਂਦ ਤੋਂ 6 ਹਜ਼ਾਰ, ਪਾਣੀਪਤ ਤੋਂ 4500 ਅਤੇ ਪੰਚਕੂਲਾ ਤੋਂ 9 ਹਜ਼ਾਰ ਟਰੈਕਟਰ ਪਰੇਡ ’ਚ ਸ਼ਾਮਲ ਹੋਣਗੇ।
ਸੰਯੁਕਤ ਕਿਸਾਨ ਮੋਰਚੇ ਨੇ ਜਾਰੀ ਕੀਤੀਆਂ ਹਦਾਇਤਾਂ:-
- ਟਰੈਕਟਰ ਪਰੇਡ ਦੀ ਸ਼ੁਰੂਆਤ ਕਿਸਾਨ ਲੀਡਰਾਂ ਦੀ ਗੱਡੀਆਂ ਰਾਹੀਂ ਹੋਵੇਗੀ, ਉਨ੍ਹਾਂ ਤੋਂ ਪਹਿਲਾਂ ਕੋਈ ਟਰੈਕਟਰ ਜਾਂ ਗੱਡੀ ਰਵਾਨਾ ਨਹੀਂ ਹੋਵੇਗੀ। ਹਰੇ ਰੰਗ ਦੀ ਜੈਕਟ ਪਹਿਨਣ ਵਾਲੇ ਵਲੰਟੀਅਰ ਦੀ ਹਰ ਹਦਾਇਤ ਨੂੰ ਮੰਨਣਾ ਹੋਵੇਗਾ।
- ਪਰੇਡ ਦਾ ਰੂਟ ਤੈਅ ਹੋ ਚੁੱਕਿਆ ਹੈ, ਉਸ ਦੇ ਨਿਸ਼ਾਨ ਲੱਗੇ ਹੋਣਗੇ। ਪੁਲਿਸ ਤੇ ਟ੍ਰੈਫਿਕ ਵਾਲੰਟੀਅਰ ਕਿਸਾਨਾਂ ਨੂੰ ਗਾਈਡ ਕਰਨਗੇ। ਜੋ, ਗੱਡੀ ਰੂਟ ਤੋਂ ਬਾਹਰ ਜਾਣ ਦੀ ਕੋਸ਼ਿਸ ਕਰੇਗੀ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
- ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਫੈਸਲਾ ਹੈ ਕਿ ਕੋਈ ਗੱਡੀ ਸੜਕ ਦੇ ਕਿਨਾਰੇ ਬਿਨਾ ਕਾਰਣ ਰੁਕਣ ਜਾ ਡੇਰਾ ਜਮਾਉਣ ਦੀ ਕੋਸ਼ਿਸ ਕਰਦੀ ਹੈ ਤਾਂ ਵਾਲੰਟੀਅਰ ਉਸਨੂੰ ਹਟਾਉਣਗੇ। ਸਾਰੀਆਂ ਗੱਡੀਆਂ ਪਰੇਡ ਪੂਰੀ ਹੋਣ ਉਪਰੰਤ ਉੱਥੇ ਹੀ ਪਹੁੰਚਣਗੀਆਂ ਜਿੱਥੋਂ ਪਰੇਡ ਸ਼ੁਰੂ ਹੋਈ ਸੀ।
- ਇਸ ਟਰੈਕਟਰ ’ਤੇ ਜ਼ਿਆਦਾ ਤੋਂ ਜ਼ਿਆਦਾ ਡਰਾਈਵਰ ਸਮੇਤ ਪੰਜ ਲੋਕ ਸਵਾਰ ਹੋਣਗੇ, ਬੰਪਰ ਜਾ ਛੱਤ ’ਤੇ ਕੋਈ ਨਹੀਂ ਬੈਠੇਗਾ।
- ਸਾਰੇ ਟਰੈਕਟਰ ਆਪਣੀ ਲਾਈਨ ’ਚ ਚਲਣਗੇ, ਕੋਈ ਰੇਸ ਨਹੀਂ ਲਗਾਏਗਾ, ਪਰੇਡ ’ਚ ਸ਼ਾਮਲ ਕਿਸਾਨ ਲੀਡਰਾਂ ਦੀਆਂ ਗੱਡੀਆਂ ਅੱਗੇ ਜਾ ਉਨ੍ਹਾਂ ਨਾਲ ਆਪਣੀ ਗੱਡੀ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ।
- ਟਰੈਕਟਰ ’ਚ ਮਿਊਜ਼ਿਕ ਜਾ ਗਾਣੇ ਨਹੀਂ ਚੱਲਣਗੇ, ਇਸ ਨਾਲ ਹੋਰ ਲੋਕਾਂ ਨੂੰ ਮੋਰਚੇ ਸਬੰਧੀ ਜਾਰੀ ਹੋਣ ਵਾਲੀਆਂ ਹਦਾਇਤਾਂ ਸੁਣਨ ’ਚ ਦਿੱਕਤ ਹੋਵੇਗੀ।
- ਪਰੇਡ ’ਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਮਨਾਹੀ ਹੋਵੇਗੀ, ਜੇਕਰ ਤੁਹਾਨੂੰ ਕੋਈ ਵੀ ਨਸ਼ਾ ਕਰਕੇ ਵਾਹਨ ਚਲਾਉਂਦਿਆਂ ਵਿਖਾਈ ਦੇਵੇ ਤਾਂ ਉਸਦੀ ਸੂਚਨਾ ਨੇੜੇ ਦੇ ਟ੍ਰੈਫਿਕ ਵਲੰਟੀਅਰ ਨੂੰ ਦਿਓ।
- ਕੱਚਰਾ ਸੜਕ ’ਤੇ ਨਾ ਸੁੱਟਿਆ ਜਾਵੇ, ਆਪਣੇ ਨਾਲ ਕੱਚਰੇ ਲਈ ਇੱਕ ਅਲੱਗ ਤੋਂ ਥੈਲਾ ਜ਼ਰੂਰ ਰੱਖੋ।
ਕਿਸਾਨ ਆਗੂ ਜਗਦੀਪ ਸਿੰਘ ਨੇ ਕਿਹਾ, 'ਜਿਵੇਂ ਸਾਨੂੰ ਸਾਡੇ ਕਿਸਾਨ ਲੀਡਰਾਂ ਦੇ ਨਿਰਦੇਸ਼ ਮਿਲਦੇ ਹਨ ਉਸ ਦੇ ਆਧਾਰ ’ਤੇ ਹੀ ਅਸੀਂ ਕੰਮ ਕਰਦੇ ਹਾਂ। ਪਰ ਪੂਰੇ ਹਰਿਆਣਾ ਵਿਚੋਂ ਸਿਰਫ਼ ਕਰਨਾਲ ਤੋਂ ਹੀ ਸਭ ਤੋਂ ਜ਼ਿਆਦਾ ਟਰੈਕਟਰ ਦਿੱਲੀ ਜਾ ਰਹੇ ਹਨ। ਇਸਤੋਂ ਪਤਾ ਚਲਦਾ ਹੈ ਕਿ ਕਰਨਾਲ ਦੇ ਕਿਸਾਨ ਅਤੇ ਆਮ ਲੋਕ ਇਸ ਸਰਕਾਰ ਤੋਂ ਪ੍ਰੇਸ਼ਾਨ ਹੋਣ ਕਾਰਨ ਇਸਨੂੰ ਨਕਾਰ ਚੁੱਕੇ ਹਨ।