ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸਵੇਰ 7 ਵਜੇ ਤੋਂ ਜਾਰੀ ਹੈ। ਇਸ ਦੌਰਾਨ ਮਤਦਾਨ ਕੇਂਦਰਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਵਿੱਚ ਸਵੇਰੇ 10 ਵਜੇ ਤੱਕ 8.92 ਫੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਸੂਬੇ ਦੇ ਪ੍ਰਮੁੱਖ ਆਗੂ ਵੋਟਾਂ ਪਾਉਣ ਲਈ ਪੁਹੰਚ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦੌਰਾਨ ਸਾਈਕਲ 'ਤੇ ਵੋਟ ਪਾਉਣ ਲਈ ਪੁੱਜੇ।
ਦੂਜੇ ਪਾਸੇ ਜੇਜੇਪੀ ਆਗੂ ਦੁਸ਼ਯੰਤ ਚੌਟਾਲਾ ਟਰੈਕਟਰ 'ਤੇ ਵੋਟ ਪਾਉਣ ਪਹੁੰਚੇ। ਦੁਸ਼ਯੰਤ ਚੌਟਾਲਾ ਦੇ ਨਾਲ ਉਨ੍ਹਾਂ ਦੀ ਮਾਂ ਨੈਨਾ ਚੌਟਾਲਾ ਵੀ ਵੋਟ ਪਾਉਣ ਲਈ ਪਹੁੰਚੀ।
ਪਿਹੋਵਾ ਤੋਂ ਭਾਜਪਾ ਉਮੀਦਵਾਰ ਅਤੇ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਕੁਰੁਕਸ਼ੇਤਰ ਵਿੱਚ ਆਪਣੀ ਵੋਟ ਪਾਈ। ਸੰਦੀਪ ਸਿੰਘ ਭਗਵਾਂ ਰੰਗ ਦੀ ਪੱਗ ਬੰਨ੍ਹ ਕੇ ਵੋਟਾਂ ਪਾਉਣ ਲਈ ਪੋਲਿੰਗ ਬੂਥ ਪਹੁੰਚੇ।
ਸੀਨੀਅਰ ਕਾਂਗਰਸੀ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੋਹਤਕ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਪੁੱਜੇ।
ਏਲਨਾਬਾਦ ਤੋਂ ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਅਭੈ ਚੌਟਾਲਾ ਨੇ ਸਿਰਸਾ ਵਿੱਚ ਆਪਣੇ ਪਰਿਵਾਰ ਨਾਲ ਵੋਟ ਪਾਈ ਹੈ। ਇਸ ਤੋਂ ਪਹਿਲਾ ਬਬੀਤਾ ਫੋਗਟ ਨੇ ਵੀ ਆਪਣੇ ਪਰਿਵਾਰ ਨਾਲ ਵੋਟ ਪਾਈ।
ਹਰਿਆਣਾ 'ਚ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਦਿਨ ਹੈ ਤੇ ਹਰਿਆਣਾ ਵਿਧਾਨ ਸਭਾ 2019 ਲਈ ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋ ਗਿਆ ਹੈ ਜੋ ਕਿ ਸ਼ਾਮ 6 ਵਜੇ ਤਕ ਚੱਲੇਗਾ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਮਤਦਾਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਈ ਥਾਵਾਂ 'ਤੇ ਈਵੀਐੱਮ ਖ਼ਰਾਬ ਹੋਣ ਕਾਰਨ ਮਤਦਾਨ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਸਿਰਸਾ ਦੇ ਰਾਨੀਆ 'ਚ ਮਤਦਾਨ ਮੁਲਾਜ਼ਮਾਂ ਤੇ ਏਜੰਟਾਂ 'ਚ ਵਿਵਾਦ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।