ਕਰਨਾਲ: ਵਿਧਾਨ ਸਭਾ ਚੋਣਾਂ 2019 ਲਈ ਕਰਨਾਲ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ ‘ਤੇ ਪੋਲਿੰਗ ਬੂਥ ਪਹੁੰਚੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਕਰਨਾਲ ਤੱਕ ਦਾ ਸਫ਼ਰ ਟ੍ਰੇਨ ਰਾਹੀਂ ਤੈਅ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।
ਕਰਨਾਲ ਵਿੱਚ ਮੁੱਖ ਮੰਤਰੀ ਦੀ ਟੱਕਰ
ਕਰਨਾਲ ਵਿਧਾਨ ਸਭਾ ਸੀਟ ਤੋਂ ਮਨੋਹਰ ਲਾਲ ਖੱਟਰ ਨੂੰ ਟੱਕਰ ਦੇਣ ਲਈ ਜੇਜੇਪੀ ਨੇ ਬੀਐਸਐਫ ਦੇ ਸਾਬਕਾ ਜਵਾਨ ਤੇਜ ਬਹਾਦਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਸਰਦਾਰ ਤ੍ਰਿਲੋਚਨ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹੁਣ ਵੇਖਣਾ ਹੋਵੇਗਾ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਨੂੰ ਜਿੱਤ ਹਾਸਲ ਹੁੰਦੀ ਹੈ।
ਕਰਨਾਲ ਲੋਕ ਸਭਾ ਹਲਕਾ
ਹਰਿਆਣੇ ਦਾ ਕਰਨਾਲ ਲੋਕ ਸਭਾ ਹਲਕੇ ਅਧੀਨ ਹੈ। ਕਰਨਾਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਕਰਨਾਲ ਲੋਕ ਸਭਾ ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਸੀਟਾਂ ਹਨ। ਇਸ ਵਿੱਚ ਕਰਨਾਲ ਤੋਂ ਇਲਾਵਾ ਇੰਦਰੀ, ਨੀਲੋਖੇੜੀ, ਘਰੌਂਦਾ, ਅਸੰਧ, ਪਾਣੀਪਤ ਦਿਹਾਤੀ, ਪਾਣੀਪਤ ਸ਼ਹਿਰ, ਇਸਰਾਨਾ ਅਤੇ ਸਮਾਲਖਾ ਖੇਤਰ ਆਉਦੇ ਹਨ। ਕਰਨਾਲ ਵਿਧਾਨ ਸਭਾ ਸੀਟ ਤੋਂ ਸਾਲ 2019 ਦੀਆਂ ਚੋਣਾਂ ਲਈ 10 ਉਮੀਦਵਾਰ ਮੈਦਾਨ ਵਿੱਚ ਹਨ। ਹਾਲਾਂਕਿ ਇਥੋਂ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਕਰਨਾਲ ਵਿਧਾਨ ਸਭਾ ਚੋਣਾਂ 2014 ਦੇ ਨਤੀਜੇ
2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਨਾਲ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਆਜ਼ਾਦ ਉਮੀਦਵਾਰ ਜੈ ਪ੍ਰਕਾਸ਼ ਗੁਪਤਾ ਨੂੰ 63 ਹਜ਼ਾਰ 773 ਵੋਟਾਂ ਨਾਲ ਹਰਾਇਆ ਸੀ। ਮਨੋਹਰ ਲਾਲ ਖੱਟਰ ਨੂੰ 82 ਹਜ਼ਾਰ 485 ਅਤੇ ਗੁਪਤਾ ਨੂੰ 18 ਹਜ਼ਾਰ 712 ਵੋਟ ਮਿਲੇ। ਬਾਅਦ ਵਿੱਚ ਮਨੋਹਰ ਲਾਲ ਖੱਟਰ ਵਿਧਾਇਕ ਦਲ ਦੇ ਨੇਤਾ ਚੁਣੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਿਆ ਗਿਆ।