ਅੰਬਾਲਾ: ਵਿਦੇਸ਼ ਵਿੱਚ ਬੈਠੇ ਖ਼ਾਲਿਸਤਾਨ ਦੇ ਸਮਰਥਕ ਸਰਗਰਮ ਹੋ ਰਹੇ ਹਨ। ਖ਼ਾਲਿਸਤਾਨ ਦੀ ਮੂਵਮੈਂਟ ਨੂੰ ਹਵਾ ਦੇਣ ਲਈ ਰੈਫਰੈਂਡਮ 2020 ਦੇ ਮਾਧਿਅਮ ਰਾਹੀਂ ਲੋਕਾਂ ਨੂੰ ਫ਼ੋਨ ਕੀਤਾ ਜਾ ਰਿਹਾ ਹੈ। ਇਸ ਫ਼ੋਨ ਰਾਹੀਂ ਹਰਿਆਣਾ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਹ ਮਾਮਲਾ ਹੁਣ ਹਰਿਆਣਾ ਸਰਕਾਰ ਤੱਕ ਵੀ ਪਹੁੰਚ ਚੁੱਕਾ ਹੈ, ਜਿਸ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਖ਼ਾਲਿਸਤਾਨ ਗਰੁੱਪ ਦੀ ਹਰਿਆਣਾ ਨੂੰ ਚੇਤਾਵਨੀ, ਗ੍ਰਹਿ ਮੰਤਰੀ ਅਨਿਲ ਵਿਜ ਨੇ ਜਾਰੀ ਕੀਤੇ ਨਿਰਦੇਸ਼ - ਰੈਫਰੈਂਡਮ 2020
ਖ਼ਾਲਿਸਤਾਨ ਗਰੁੱਪ ਦੇ ਹੈਡ ਪੰਨੂ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਲੋਕਾਂ ਨੂੰ ਧਮਕਾ ਰਹੇ ਹਨ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੀ ਹੈ ਪੂਰਾ ਮਾਮਲਾ?
ਅਮਰੀਕਾ ਤੋਂ ਖ਼ਾਲਿਸਤਾਨ ਗਰੁੱਪ 'ਦ ਸਿੱਖ ਫਾਰ ਜਸਟਿਸ' ਮੁਹਿੰਮ ਨੂੰ ਚਲਾ ਰਹੇ ਗੁਰਪਤਵੰਤ ਸਿੰਘ ਪੰਨੂ ਰਿਕਾਰਡਰ ਫੋਨ ਕਾਲ ਰਾਹੀਂ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਕਾਲ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਅਜ਼ਾਦ ਕਰਵਾਇਆ ਜਾ ਰਿਹਾ ਹੈ। ਹਰਿਆਣਾ ਸਰਕਾਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਪੰਜਾਬ ਅਜ਼ਾਦ ਮੁਲਕ ਬਣਨ ਉੱਤੇ ਜੇ ਹਰਿਆਣਾ ਉਨ੍ਹਾਂ ਦੇ ਨਾਲ ਆਵੇਗਾ ਤਾਂ ਠੀਕ ਹੈ, ਨਹੀਂ ਤਾਂ ਸਰਕਾਰ ਆਪਣੇ ਕਈ ਦਫ਼ਤਰ ਤੇ ਸੰਸਥਾਵਾਂ ਪੰਜਾਬ ਦੇ ਇਲਾਕਿਆਂ ਤੋਂ ਹਟਾ ਕੇ ਆਪਣੇ ਇਲਾਕਿਆਂ ਵਿੱਚ ਲੈ ਆਵੇ। ਪੰਨੂ ਨੇ ਆਪਣੇ ਸੰਦੇਸ਼ ਵਿੱਚ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਲੋਕ ਹਮੇਸ਼ਾਂ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਦੇ ਖ਼ਿਲਾਫ਼ ਖੜੇ ਹਨ।