ਚੰਡੀਗੜ੍ਹ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਹਰਭਜਨ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ, ਇਸ ਲਈ ਖੇਡ ਰਤਨ ਅਵਾਰਡ ਲਈ ਉਨ੍ਹਾਂ ਦੀ ਯੋਗਤਾ ਨਹੀਂ ਬਣਦੀ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਕੇਂਦਰੀ ਖੇਡ ਮੰਤਰਾਲੇ ਤੋਂ ਨਾਂਅ ਵਾਪਸ ਲੈਣ ਲਈ ਕਿਹਾ ਸੀ।
ਇਸ ਸਬੰਧੀ ਹਰਭਜਨ ਸਿੰਘ ਨੇ ਸ਼ਨਿੱਚਰਵਾਰ ਨੂੰ ਇੱਕ ਟਵੀਟ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਕਿ ਉਹ ਖੇਡ ਰਤਨ ਐਵਾਰਡ ਦੀ ਨਾਮਜ਼ਦਗੀ ਲਈ ਇਸ ਸਾਲ ਫਿਟ ਨਹੀਂ ਬੈਠਦੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਨੇ ਇੰਝ ਕਰਨ ਨੂੰ ਕਿਹਾ ਸੀ, ਕਿਉਂਕਿ ਉਹ ਪਿਛਲੇ ਚਾਰ ਸਾਲਾਂ ਤੋਂ ਖੇਡ ਤੋਂ ਦੂਰ ਹਨ, ਇਸ ਲਈ ਉਹ ਇਸ ਦੇ ਮਾਪਦੰਡਾਂ 'ਤੇ ਖਰੇ ਨਹੀਂ ਉਤਰਦੇ।
ਹਰਭਜਨ ਨੇ ਟਵੀਟ ਕੀਤਾ, "ਮੈਨੂੰ ਇੰਨੇ ਸਾਰੇ ਫੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੇਰਾ ਨਾਂਅ ਖੇਡ ਰਤਨ ਨਾਮਜ਼ਦਗੀ 'ਚੋਂ ਵਾਪਸ ਕਿਉਂ ਲੈ ਲਿਆ। ਸੱਚ ਇਹ ਹੈ ਕਿ ਮੈਂ ਖੇਡ ਰਤਨ ਦੇ ਯੋਗ ਨਹੀਂ ਹਾਂ ਪਰ ਉਕਤ ਲਈ ਖੇਡਾਂ 'ਚ ਪਿਛਲੇ ਤਿੰਨ ਸਾਲ ਦਾ ਪ੍ਰਦਰਸ਼ਨ ਵੇਖਿਆ ਜਾਂਦਾ ਹੈ।"
ਇਹ ਵੀ ਪੜੋ: ਜਨਤਾ ਦੇ ਰੂਬਰੂ ਹੋਏ ਕੈਪਟਨ, ਕੋਰੋਨਾ ਤੋਂ ਲੈ ਕੇ ਮੱਤੇਵਾੜਾ ਵਰਗੇ ਮੁੱਦਿਆਂ 'ਤੇ ਦਿੱਤੇ ਜਵਾਬ
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਦਾ ਨਾਂਅ ਪਿਛਲੇ ਸਾਲ ਵੀ ਭੇਜਿਆ ਗਿਆ ਸੀ। ਪਰ ਉਹ ਸਰਕਾਰ ਦੀ ਗਲਤੀ ਕਾਰਨ ਦੇਰੀ ਨਾਲ ਭੇਜਿਆ ਗਿਆ ਸੀ, ਜਿਸ ਕਾਰਨ ਉਸ ਦੇ ਨਾਂਅ 'ਤੇ ਵਿਚਾਰ ਨਹੀਂ ਕੀਤਾ ਗਿਆ ਸੀ। ਇਹ ਗੱਲ ਵੀ ਉਨ੍ਹਾਂ ਨੇ ਟਵੀਟ 'ਤੇ ਹੀ ਕਹੀ। ਭੱਜੀ ਅੱਜ ਤਕ 103 ਟੈਸਟ, 236 ਵਨ ਡੇ ਤੇ 28 ਟੀ-0 ਖੇਡ ਚੁੱਕੇ ਹਨ। ਉਨ੍ਹਾਂ ਨੇ 2015 'ਚ ਆਖਰੀ ਵਾਰ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ।