ਅਹਿਮਦਾਬਾਦ: ਬੁੱਧਵਾਰ ਨੂੰ ਸੂਰਤ ਦੇ ਸਿਹਤ ਮੰਤਰੀ ਦੇ ਮੁੰਡੇ ਵੱਲੋਂ ਰਾਤ ਦੇ ਕਰਫਿਊ ਦੀ ਉਲੰਘਣਾ ਕੀਤੀ ਗਈ ਸੀ ਜਿਨ੍ਹਾਂ ਨੂੰ ਮਹਿਲਾ ਕਾਂਸਟੇਬਲ ਨੇ ਰੋਕਿਆ ਸੀ। ਇਸ ਘਟਨਾ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਸਿਹਤ ਰਾਜ ਮੰਤਰੀ ਕੁਮਾਰ ਕਨਾਨੀ ਦੇ ਲੜਕੇ ਪ੍ਰਕਾਸ਼ ਕਨਾਨੀ ਅਤੇ ਉਸ ਦੇ ਦੋਸਤਾਂ ਨੂੰ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਉੱਤੇ ਰੋਕਿਆ ਗਿਆ ਸੀ। ਇਸ ਦੌਰਾਨ ਮੰਤਰੀ ਦੇ ਮੁੰਡੇ ਨਾਲ ਮਹਿਲਾ ਕਾਂਸਟੇਬਲ ਸੁਨੀਤਾ ਯਾਦਵ ਦੀ ਤੀਖੀ ਬਹਿਸ ਹੋ ਗਈ ਸੀ ਜਿਸ ਦੀ ਵੀਡੀਓ ਕਲਿੱਪ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਦੇ ਮੁੰਡੇ ਤੇ ਉਸ ਦੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 188,269,270, ਤੇ 144 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਉਨ੍ਹਾਂ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ।
ਮਹਿਲਾ ਕਾਂਸਟੇਬਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਤ ਨੂੰ ਜਦੋਂ ਉਨ੍ਹਾਂ ਨੇ ਮੰਤਰੀ ਦੇ ਮੁੰਡੇ ਤੇ ਉਸ ਦੇ ਦੋਸਤਾਂ ਨੂੰ ਕਰਫਿਊ ਦੌਰਾਨ ਰੋਕਿਆ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਸੀ। ਇਸ ਮਗਰੋਂ ਸੂਰਤ ਦੀ ਪੁਲਿਸ ਨੇ ਸ਼ਨੀਵਾਰ ਨੂੰ ਇਸ ਕੇਸ ਦੀ ਜਾਂਚ ਦੇ ਆਦੇਸ਼ ਦਿੱਤੇ।