ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਦੌਰੇ ਵਿੱਚ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਨਾਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਵਿੱਚ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨੀ ਹੈ। ਇਸੇ ਦੌਰਾਨ ਖ਼ਬਰ ਹੈ ਕਿ ਮੇਲਾਨੀਆ ਟਰੰਪ ਨੇ ਦਿੱਲੀ ਦੇ ਸਰਕਾਰੀ ਸਕੂਲ ਵਿਚ ਹੈਪੀਨੈਸ ਕਰੀਕੁਰਮ ਦੀ ਕਲਾਸ ਦੇਖਣ ਦੀ ਇੱਛਾ ਜ਼ਾਹਰ ਕੀਤੀ ਹੈ।
ਦੱਸ ਦਈਏ ਕਿ 25 ਫਰਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਮਿਲਣਗੇ ਉਦੋਂ ਮੇਲਾਨੀਆ ਟਰੰਪ ਦਿੱਲੀ ਦੇ ਇੱਕ ਸਰਕਾਰੀ ਸਕੂਲ ਦੀ ਹੈਪੀਨੈਸ ਕਰੀਕੁਰਮ ਕਲਾਸ ਵਿੱਚ 1 ਘੰਟਾ ਬਿਤਾਉਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਦੁਪਹਿਰ 12 ਵਜੇ ਸਕੂਲ ਦਾ ਦੌਰਾ ਕਰੇਗੀ। ਕੁਝ ਸਕੂਲ ਜਿਨ੍ਹਾਂ ਨੂੰ ਇਸ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ, ਉਨ੍ਹਾਂ ਵਿਚ ਸਰਕਾਰੀ ਸਰਵੋਦਿਆ ਚਿਲਡਰਨ ਸਕੂਲ ਰੋਸ ਐਵੇਨਿਊ ਅਤੇ ਖਿਚੜੀਪੁਰ ਵਿੱਚ ਸਕੂਲ ਆਫ ਐਕਸੀਲੈਂਸ ਸ਼ਾਮਲ ਹਨ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ, ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਮੇਲਾਨੀਆ ਟਰੰਪ ਕਿਸ ਸਕੂਲ ਵਿੱਚ ਜਾਵੇਗੀ।