ਨਵੀਂ ਦਿੱਲੀ: ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਅੰਬਾਲਾ ਦੇ ਏਅਰਬੇਸ ਉੱਤੇ ਪਹੁੰਚਣਗੇ। ਇਨ੍ਹਾਂ ਰਾਫੇਲ ਸਕੁਆਰਡਰਨ ਦੇ ਪਹਿਲੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਹੋਣਗੇ। ਹਰਕੀਰਤ ਸਿੰਘ ਵੀ ਉਨ੍ਹਾਂ ਪਾਇਲਟਾਂ ਵਿੱਚ ਸ਼ਾਮਲ ਹਨ ਜੋ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਨੂੰ ਉਡਾ ਕੇ ਲੈ ਕੇ ਆ ਰਹੇ ਹਨ।
ਪੰਜਾਬ ਵਿੱਚ ਜਨਮੇ ਕਮਾਂਡਿੰਗ ਅਫਸਰ ਗੁਰੱਪ ਕੈਪਟਨ ਹਰਕੀਰਤ ਸਿੰਘ
ਹਰਕੀਰਤ ਸਿੰਘ ਦਾ ਜਨਮ ਜਲੰਧਰ ਸ਼ਹਿਰ ਵਿੱਚ ਹੋਇਆ ਹੈ। ਉਨ੍ਹਾਂ ਦੀ ਮਾਤਾ ਦਾ ਨਾਂਅ ਸਤਵੰਤ ਕੌਰ ਤੇ ਪਿਤਾ ਲੈਫਟਿਨੈਂਟ ਕਰਨਲ ਨਿਰਮਲ ਸਿੰਘ ਹਨ। ਹਰਕੀਰਤ ਸਿੰਘ ਭਾਰਤੀ ਹਵਾ ਫੌਜ ਵਿੱਚ ਸਕੁਆਡਰਨ ਲੀਡਰ ਦੇ ਅਹੁੱਦੇ ਉੱਤੇ ਹਨ।
ਸ਼ੋਰਿਆ ਚੱਕਰ ਨਾਲ ਸਨਮਾਨਿਤ ਹਰਕੀਰਤ ਸਿੰਘ
ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਬਹਾਦਰੀ ਵਜੋਂ ਸਾਲ 2009 ਵਿੱਚ ਸ਼ੋਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਹਰਕੀਰਤ ਸਿੰਘ ਨੇ ਮਿਗ 21 ਦੇ ਇੰਜਣ ਵਿੱਚ ਹੋਈ ਖ਼ਰਾਬੀ ਦੇ ਕਾਰਨ ਬੜੀ ਬਹਾਦਰੀ ਨਾਲ ਨਾ ਸਿਰਫ਼ ਆਪਣੇ ਆਪ ਨੂੰ ਬਚਾਇਆ ਬਲਕਿ ਮਿਗ 21 ਦਾ ਵੀ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ।
4 ਸਾਲ ਪਹਿਲਾਂ ਰਾਫੇਲ ਦੀ ਹੋਈ ਸੀ ਡੀਲ
4 ਸਾਲ ਪਹਿਲਾਂ ਭਾਰਤ ਨੇ ਫਰਾਂਸ ਤੋਂ 36 ਰਾਫੇਲ ਜਹਾਜ਼ ਖਰੀਦਣ ਦੇ ਲਈ 59 ਹਜ਼ਾਰ ਕਰੋੜ ਦੀ ਡੀਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸ ਤੋਂ ਇਹ ਜਹਾਜ਼ ਰਵਾਨਾ ਹੋ ਗਏ ਹਨ। ਇਹ ਜਹਾਜ਼ ਲਗਭਗ 7 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਉੱਤੇ ਪਹੁੰਚਣਗੇ। ਦੱਸ ਦੇਈਏ ਕਿ ਰਾਫੇਲ ਲਈ ਹੁਣ ਤੱਕ ਕੁੱਲ 15 ਤੋਂ 17 ਪਾਇਲਟ ਪੂਰੀ ਤਰ੍ਹਾਂ ਟਰੇਂਡ ਹੋ ਚੁੱਕੇ ਹਨ। ਰਾਫੇਲ ਨੂੰ ਅੰਬਾਲਾ ਪਹੁੰਚਣ ਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਾਰਵਾਈ ਲਈ ਤਾਇਨਾਤ ਕੀਤਾ ਜਾ ਸਕਦਾ ਹੈ। 17 ਸਕੁਐਡਰਨਜ਼ ਦੇ 18 ਰਾਫੇਲ ਲੜਾਕੂਆਂ ਲਈ ਲਗਭਗ 30 ਪਾਇਲਟ ਤਾਇਨਾਤ ਕੀਤੇ ਜਾਣਗੇ। ਰਾਫੇਲ ਦੇ ਸਕੁਐਡਰਨ ਦੀ ਦੇਖਭਾਲ ਲਈ 150 ਤੋਂ 200 ਜ਼ਮੀਨੀ ਸਟਾਫ ਨੂੰ ਸਿਖਲਾਈ ਦਿੱਤੀ ਗਈ ਹੈ।