ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਕਾਂਗਰਸ ਆਗੂਆਂ ਦੀ ਵਿਸ਼ੇਸ਼ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਇਹ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਬੇਟੇ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਯੰਕਾ ਗਾਂਧੀ ਦੇ ਲਈ ਲਿਆ ਗਿਆ ਹੈ।
ਸ਼ੁੱਕਰਵਾਰ ਨੂੰ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ। ਬੁਲਾਰੇ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਹੁਣ ਸੀਆਰਪੀਐਫ਼ ਵੱਲੋਂ ਆਲ ਇੰਡੀਆ ਅਧਾਰ ‘ਤੇ "ਜ਼ੈੱਡ+" ਸੁਰੱਖਿਆ ਮਿਲੇਗੀ।
ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਮੁਲਾਂਕਣ ਤੋਂ ਬਾਅਦ ਗਾਂਧੀ ਪਰਿਵਾਰ ਦੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸਪੀਜੀ) ਦੇ ਕਵਰ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।
ਇਸ ਬਾਰੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ, "ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਨੂੰ ਸਿਆਸੀ ਤੌਰ 'ਤੇ ਵਾਪਸ ਲੈਣਾ ਨਿੰਦਣਯੋਗ ਹੈ। ਮੌਜੂਦਾ ਪ੍ਰਚਲਿਤ ਸੁਰੱਖਿਆ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਸੁਰੱਖਿਆ ਕਵਰ ਗਾਂਧੀ ਪਰਿਵਾਰ ਦੀ ਇੱਕ ਜਰੂਰਤ ਹੈ, ਰਾਜਨੀਤਿਕ ਪੱਖ ਨਹੀਂ। ਇਸ ਫ਼ੈਸਲੇ ਨੂੰ ਜਲਦੀ ਰੱਦ ਕਰ ਦੇਣਾ ਚਾਹੀਦਾ ਹੈ।"
ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਐੱਸਪੀਜੀ ਕਵਰ ਵਾਪਸ ਲੈ ਲਿਆ ਹੈ।