ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ। ਪ੍ਰਣਬ ਮੁਖਰਜੀ ਨੇ ਸੋਮਵਾਰ ਦੁਪਹਿਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਣਬ ਮੁਖਰਜੀ ਨੇ ਇੱਕ ਟਵੀਟ ਵਿੱਚ ਲਿਖਿਆ, "ਚੈਕਅੱਪ ਲਈ ਹਸਪਤਾਲ ਗਿਆ ਸੀ, ਜਿਥੇ ਜਾਂਚ ਦੌਰਾਨ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ।
ਪ੍ਰਣਬ ਮੁਖਰਜੀ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਕਿ ਪਿਛਲੇ ਇੱਕ ਹਫਤੇ 'ਚ ਜੋ ਵੀ ਲੋਕ ਮੇਰੇ ਸੰਪਰਕ 'ਚ ਆਏ ਹਨ, ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਆਪਣਾ ਟੈਸਟ ਕਰਵਾ ਲੈਣ ਤੇ ਖ਼ੁਦ ਨੂੰ ਇਕਾਂਤਵਾਸ ਕਰਨ।
ਦੱਸ ਦੇਈਏ ਕਿ ਪ੍ਰਣਬ ਮੁਖਰਜੀ ਦੀ ਉਮਰ 84 ਸਾਲ ਹੈ, ਅਜਿਹੀ ਸਥਿਤੀ ਵਿੱਚ ਵੱਧਦੀ ਉਮਰ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਣਬ ਮੁਖਰਜੀ ਕਾਂਗਰਸ ਦੇ ਦਿੱਗਜ ਨੇਤਾ ਹਨ। ਮੁਖਰਜੀ 2012 ਤੋਂ 2017 ਵਿਚਾਲੇ ਦੇਸ਼ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਕੇਂਦਰ ਸਰਕਾਰ ਨੇ 2019 ਵਿੱਚ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ।
ਕੋਰੋਨਾ ਵਾਇਰਸ ਸੰਕਟ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਤੱਕ ਬਹੁਤ ਸਾਰੇ ਵੀਵੀਆਈਪੀ ਵੀ ਇਸ ਮਹਾਂਮਾਰੀ ਦੀ ਪਕੜ ਵਿੱਚ ਆ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਿਛਲੇ ਦਿਨੀਂ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।