ਸ੍ਰੀਨਗਰ: ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਲਗਾਤਾਰ ਬੌਖਲਾਹਟ ਵਿੱਚ ਆ ਕੇ ਆਪਣੀ ਵਾਹ ਮੁਤਾਬਕ ਫ਼ੈਸਲੇ ਕਰ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਇੱਕ ਉੱਚ ਅਧਿਕਾਰੀ ਨੇ ਭਾਰਤ ਨੂੰ ਯੁੱਧ ਦੀ ਚਿਤਾਵਨੀ ਦੇ ਦਿੱਤੀ ਹੈ।
ਭਾਰਤ ਵਿੱਚ ਪਾਕਿਸਤਾਨ ਦੇ ਮੁੱਖ ਸਕੱਤਰ ਰਹੇ ਅਬਦੁਲ ਬਾਸਿਤ ਦਾ ਕਹਿਣਾ ਹੈ ਕਿ ਜੇ ਭਾਰਤ ਆਪਣੀ ਹੱਦ ਤੋਂ ਬਾਹਰ ਜਾਂਦਾ ਹੈ ਤਾਂ ਭਾਰਤ ਨਾਲ ਲੜਾਈ ਕਰਨੀ ਚਾਹੀਦੀ ਹੈ।
ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਉਦੋਂ ਦਾ ਹੀ ਬੌਂਦਲਿਆ ਪਿਆ ਹੈ। ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਅਤੇ ਵਜ਼ੀਰ ਨਿੱਤ ਕੋਈ ਨਵਾਂ ਬਿਆਨ ਦੇ ਦਿੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਪਾਕਿਸਾਤਨ ਲਗਾਤਾਰ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਣ ਦੀਆਂ ਗੱਲਾ ਕਰ ਰਿਹਾ ਹੈ। ਇਹ ਵੀ ਜ਼ਿਕਰ ਕਰ ਦਈਏ ਕਿ ਪਾਕਿਸਤਾਨ ਲਗਾਤਾਰ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਣ ਬਾਰੇ ਕਹਿ ਰਿਹਾ ਹੈ ਪਰ ਅਜੇ ਤੱਕ ਕਿਸੇ ਵੀ ਵੱਡੇ ਦੇਸ਼ ਨੇ ਉਸ ਦੀ ਬਾਂਹ ਨਹੀਂ ਫੜ੍ਹੀ ਹੈ।
ਪਾਕਿਸਤਾਨ ਦੇ ਵੱਸ ਵਿੱਚ ਜੋ ਵੀ ਹੈ ਉਸ ਨੇ ਉਹ ਕਰ ਕੇ ਵੇਖ ਲਿਆ ਹੈ ਪਰ ਇਸ ਦਾ ਭਾਰਤ ਉੱਤੇ ਕੋਈ ਵੀ ਅਸਰ ਹੁੰਦਾ ਅਜੇ ਵਿਖਾਈ ਨਹੀਂ ਦਿੱਤਾ। ਪਾਕਿ ਨੇ ਭਾਰਤ ਨਾਲ ਵਪਾਰਕ ਰਿਸ਼ਤੇ ਖ਼ਤਮ ਕਰਨ ਦੀ ਗੱਲ ਆਖੀ ਹੈ ਇਸ ਦੇ ਨਾਲ ਹੀ ਰਾਜਨੀਤਿਕ ਰਿਸ਼ਤੇ ਵੀ ਘੱਟ ਕਰਨ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸਮਝੌਤਾ ਐਕਸਪ੍ਰੈਸ ਬੰਦ ਕਰਨਾ, ਭਾਰਤੀ ਫ਼ਿਲਮਾਂ ਨੂੰ ਪਾਕਿਸਤਾਨ ਵਿੱਚ ਬੰਦ ਕਰਨਾ ਆਦਿ ਕਈ ਅਜਿਹੇ ਛੋਟੇ ਕਿਸਮ ਦੇ ਫ਼ੈਸਲੇ ਲੈ ਚੁੱਕਾ ਹੈ ਜਿਸ 'ਤੇ ਭਾਰਤ ਦੇ ਕਿਸੇ ਵੀ ਅਧਿਕਾਰੀ ਨੇ ਟਿੱਪਣੀ ਕਰਨਾ ਸਹੀ ਨਹੀਂ ਸਮਝਿਆ। ਇਸ ਤੋ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਇਨ੍ਹਾਂ ਫ਼ੈਸਲਿਆਂ ਨਾਲ਼ ਭਾਰਤ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਇੰਨਾ ਸਭ ਕਰਨ ਤੋਂ ਬਾਅਦ ਪਾਕਿਸਤਾਨ ਦੇ ਉੱਚ ਅਧਿਕਾਰੀ ਨੇ ਭਾਰਤ ਨੂੰ ਯੁੱਧ ਦੀ ਚਿਤਾਨਵੀ ਦੇ ਦਿੱਤੀ ਹੈ। ਇਸ ਦੇ ਨਾਲ਼ ਹੀ ਇਹ ਬਿੜਕਾਂ ਵੀ ਮਿਲੀਆਂ ਹਨ ਕਿ ਲੱਦਾਖ ਦੇ ਨੇੜੇ ਪਾਕਿਸਤਾਨ ਨੇ ਲੜਾਕੂ ਜਹਾਜ਼ ਭੇਜ ਦਿੱਤੇ ਹਨ ਹਾਲਾਂਕਿ ਇਹ ਸਭ ਕਨਸੋਆਂ ਹੀ ਹਨ। ਪਾਕਿਸਤਾਨ ਦੀਆਂ ਇਨ੍ਹਾਂ ਕਨਸੋਆਂ ਤੋਂ ਬਾਅਦ ਭਾਰਤ ਸਰਕਾਰ ਦੇ ਸੂਤਰਾਂ ਮੁਤਾਬਕ ਸਰਕਾਰ ਪਾਕਿਸਤਾਨ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਹੀ ਹੈ।