ਪੰਜਾਬ

punjab

ETV Bharat / bharat

ਮਹਿਬੂਬਾ ਮੁਫ਼ਤੀ ਨੂੰ ਯਾਦ ਆਏ ਅਟਲ ਬਿਹਾਰੀ ਵਾਜਪਾਈ, ਕਿਹਾ- ਉਨ੍ਹਾਂ ਦੀ ਕਮੀ ਹੋ ਰਹੀ ਮਹਿਸੂਸ - ਜੰਮੂ-ਕਸ਼ਮੀਰ

ਐਤਵਾਰ ਨੂੰ ਅੱਧੀ ਰਾਤ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਨਜ਼ਰਬੰਦ ਕਰ ਲਿਆ ਗਿਆ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਹਲਾਤਾਂ ਨੂੰ ਵੇਖਦੇ ਹੋਏ ਸ਼੍ਰੀਨਗਰ 'ਚ ਧਾਰਾ 144 ਲਗਾ ਦਿੱਤੀ ਗਈ ਹੈ। ਮਹਿਬੂਬਾ ਮੁਫ਼ਤੀ ਨੇ ਘਾਟੀ ਦੇ ਇਨ੍ਹਾਂ ਹਾਲਾਤਾਂ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਹੈ।

ਫ਼ੋਟੋ

By

Published : Aug 5, 2019, 9:19 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਤੋਂ ਬਾਅਦ ਅਮਰਨਾਥ ਯਾਤਰਾ 'ਤੇ ਗਏ ਸ਼ਰਧਾਲੂਆਂ ਨੇ ਵਾਪਿਸ ਪਰਤਨਾ ਸ਼ੁਰੂ ਕਰ ਦਿੱਤਾ ਹੈ। ਇਸ ਐਡਵਾਈਜ਼ਰੀ 'ਤੇ ਸਿਆਸੀ ਮਾਹਿਰਾਂ ਨੇ ਆਪਣੀ ਟਿੱਪਣੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਐਤਵਾਰ ਰਾਤ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ ਨਜ਼ਰਬੰਦ ਕਰ ਲਿਆ ਗਿਆ। ਇਸ ਵਿਸ਼ੇ 'ਤੇ ਉਨ੍ਹਾਂ ਟਵੀਟ ਕਰ ਆਪਣੀ ਪ੍ਰਤੀਕਿਰੀਆ ਦਿੱਤੀ ਹੈ।

ਮਹਿਬੂਬਾ ਨੇ ਲਿਖਿਆ, "ਮੋਬਾਇਲ ਫ਼ੋਨ ਕਨੈਕਸ਼ਨ ਸਮੇਤ ਛੇਤੀ ਹੀ ਇੰਟਰਨੈੱਟ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਸੁਣੀਆਂ। ਕਰਫਿਊ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਅਲਾੱਹ ਜਾਣਦਾ ਹੈ ਕਿ ਸਾਡੇ ਲਈ ਕੱਲ੍ਹ ਕੀ ਹੋਵੇਗਾ। ਇਹ ਰਾਤ ਲੰਬੀ ਹੋਣ ਵਾਲੀ ਹੈ।" ਉਨ੍ਹਾਂ ਕਿਹਾ, "ਇੰਨੇ ਔਖੇ ਵੇਲੇ 'ਚ ਮੈਂ ਆਪਣੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਅਸੀਂ ਇਕਜੁੱਟ ਹਾਂ ਅਤੇ ਇੱਕਠੇ ਲੜਾਂਗੇ।"

ਕਾਬਿਲ-ਏ-ਗੌਰ ਹੈ ਕਿ ਇੱਕ ਹੋਰ ਟਵੀਟ 'ਚ ਜੰਮੂ-ਕਸ਼ਮੀਰ ਦੀ ਸਾਬਕਾ ਸੀਐਮ ਮਹਿਬੂਬਾ ਮੁਫ਼ਤੀ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਹੈ। ਮਹਿਬੂਬਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਬੀਜੇਪੀ ਦੇ ਨੇਤਾ ਹੋਣ ਦੇ ਬਾਵਜੂਦ ਵੀ ਅਟਲ ਬਿਹਾਰੀ ਵਾਜਪਾਈ ਕਸ਼ਮੀਰੀਆਂ ਦੇ ਨਾਲ ਮੋਹ ਰੱਖਦੇ ਸਨ। ਅੱਜ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ।

ਜ਼ਿਕਰ-ਏ-ਖ਼ਾਸ ਹੈ ਕਿ ਜੰਮੂ-ਕਸ਼ਮੀਰ ਵਿੱਚ ਹੋ ਰਹੀ ਹਲਚਲ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਸਵੇਰੇ ਕੈਬਿਨੇਟ ਮੀਟਿੰਗ ਸੱਦੀ ਹੈ। ਦੱਸ ਦਈਏ ਕਿ ਆਮ ਕਰਕੇ ਇਹ ਮੀਟਿੰਗ ਬੁੱਧਵਾਰ ਨੂੰ ਹੁੰਦੀ ਹੈ ਪਰ ਅਚਾਨਕ ਸੱਦੀ ਗਈ ਇਸ ਬੈਠਕ 'ਤੇ ਸਰਕਾਰ ਕੁਝ ਅਹਿਮ ਫ਼ੈਸਲਾ ਕਰ ਸਕਦੀ ਹੈ।

ABOUT THE AUTHOR

...view details