ਨਵੀਂ ਦਿੱਲੀ: ਛੱਤੀਸਗੜ੍ਹ ਦੇ ਗਠਨ ਤੋਂ ਬਾਅਦ ਸੂਬੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਅਜੀਤ ਜੋਗੀ ਦਾ ਸ਼ੁੱਕਰਵਾਰ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਦੀ ਮੌਤ ਦੁਪਹਿਰ 3:30 ਵਜੇ ਹੋਈ। ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਅੱਜ ਦੁਪਹਿਰ 1:30 ਵਜੇ ਦੇ ਕਰੀਬ ਕਾਫੀ ਵਿਗੜ ਗਈ ਜਦੋਂ ਉਨ੍ਹਾਂ ਨੂੰ ਦੁਬਾਰਾ ਦਿਲ ਦਾ ਦੌਰਾ ਪਿਆ। ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਵੀ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ।
ਅਜੀਤ ਜੋਗੀ ਆਪਣੇ ਪਿੱਛੇ ਪਤਨੀ ਰੇਨੂੰ ਜੋਗੀ, ਜੋ ਕਿ ਕੋਟਾ ਤੋਂ ਵਿਧਾਇਕ ਹਨ ਅਤੇ ਬੇਟੇ ਅਮਿਤ ਜੋਗੀ ਨੂੰ ਛੱਡ ਗਏ ਹਨ। ਬਿਊਰੋਕਰੈਟ ਤੋਂ ਸਿਆਸਤਦਾਨ ਬਣੇ ਜੋਗੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦਿਲ ਦਾ ਦੌਰਾ ਪਿਆ ਸੀ ਅਤੇ ਉਦੋਂ ਤੋਂ ਉਹ ਰਾਏਪੁਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਸਨ। ਇਸ ਸਮੇਂ ਦੌਰਾਨ ਉਹ ਕੋਮਾ ਵਿੱਚ ਸਨ।
ਉਨ੍ਹਾਂ ਦੇ ਬੇਟੇ ਅਮਿਤ ਜੋਗੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿਤਾ ਦਾ ਸਸਕਾਰ ਸ਼ਨਿਵਾਰ ਨੂੰ ਉਨ੍ਹਾਂ ਦੇ ਜੱਦੀ ਸਥਾਨ ਗੌਰੇਲਾ ਵਿਖੇ ਕੀਤਾ ਜਾਵੇਗਾ। ਅਮਿਤ ਨੇ ਹਸਪਤਾਲ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀ ਜਦੋਂ ਉਹ ਆਖਰੀ ਵਾਰ ਆਪਣੇ ਪਿਤਾ ਨੂੰ ਮਿਲੇ ਸਨ।
ਦੱਸਣਯੋਗ ਹੈ ਕਿ ਸੀਨੀਅਰ ਜੋਗੀ ਮਰਵਾਹੀ ਸੀਟ ਤੋਂ ਵਿਧਾਇਕ ਸਨ ਅਤੇ ਨਵੰਬਰ 2000 ਤੋਂ ਨਵੰਬਰ 2003 ਤੱਕ ਉਨ੍ਹਾਂ ਨੇ ਸੂਬੇ ਵਿੱਚ ਪਹਿਲੀ ਕਾਂਗਰਸ ਸਰਕਾਰ ਦੀ ਅਗਵਾਈ ਕੀਤੀ ਸੀ। ਕਾਂਗਰਸ ਪਾਰਟੀ ਨਾਲ ਹੋਏ ਵਿਵਾਦ ਤੋਂ ਸਾਲ 2016 ਵਿੱਚ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਬੇਟੇ ਪਾਰਟੀ ਤੋਂ ਵੱਖ ਹੋ ਗਏ ਸਨ।