ਮੰਬਈ: ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੇ ਦੌਰਾਨ ਵਿਦੇਸ਼ਾਂ 'ਚ ਫਸੇ ਭਾਰਤੀ ਲੋਕਾਂ ਨੂੰ ਵੰਦੇ ਭਾਰਤ ਮਿਸ਼ਨ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਏਅਰ ਇੰਡੀਆ ਦਾ ਪਹਿਲਾ ਜਹਾਜ਼ 225 ਭਾਰਤੀਆਂ ਨੂੰ ਲੈ ਕੇ ਮੁੰਬਈ ਏਅਰਪੋਰਟ ਪਹੁੰਚ ਗਿਆ ਹੈ। ਇਹ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਮੁੰਬਈ ਪਹੁੰਚਿਆ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਨੁਕਸਾਨ ਅਮਰੀਕਾ ਨੂੰ ਹੋਇਆ ਹੈ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਵੰਦੇ ਭਾਰਤ ਮਿਸ਼ਨ ਤਹਿਤ ਰਿਆਦ ਤੋਂ 139 ਭਾਰਤੀਆਂ ਅਤੇ ਉਜ਼ਬੇਕਿਸਤਾਨ ਤੋਂ 21 ਭਾਰਤੀਆਂ ਨੂੰ ਇੰਡੀਆ ਮਿਸ਼ਨ ਤਹਿਤ ਦਿੱਲੀ ਲਿਆਂਦਾ ਗਿਆ ਸੀ।
ਇਸ ਉੱਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਉਜ਼ਬੇਕਿਸਤਾਨ ਤੋਂ 21 ਭਾਰਤੀ ਯੂਜੇਡੀਬੀ 3561 ਜਹਾਜ਼ ਰਾਹੀਂ ਦਿੱਲੀ ਪਹੁੰਚੇ ਹਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ 'ਚ ਯਾਤਰਾਂ 'ਤੇ ਲਗੀ ਪਾਬੰਦੀ ਕਾਰਨ ਬ੍ਰਿਟੇਨ 'ਚ ਫਸੇ 329 ਭਾਰਤੀ ਨਾਗਰਿਕ ਏਅਰ ਇੰਡੀਆ ਜਹਾਜ਼ ਰਾਹੀਂ ਸ਼ਨਿਵਾਰ ਦੇਰ ਰਾਤ ਭਾਰਤ ਪੁਜੇ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਤਾਲਾਬੰਦੀ ਦੇ ਦੌਰਾਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ।