ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ. ਦੇ ਵਿਰੋਧ ਵਿੱਚ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਹੋ ਰਹੇ ਮਾਰਚ ਵਿੱਚ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ।
CAA ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀ ਚਲਾਉਣ ਵਾਲੇ ਨੇ ਖ਼ੁਦ ਨੂੰ ਦੱਸਿਆ 'ਰਾਮ ਭਗਤ'
ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਕੱਢੇ ਜਾ ਰਹੇ ਮਾਰਚ ਦੌਰਾਨ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਪਛਾਣ ਗੋਪਾਲ ਵਜੋਂ ਹੋਈ ਹੈ।
ਮਾਰਚ ਵਿੱਚ ਗੋਲੀ ਚਲਾਉਣ ਵਾਲੇ ਦਾ ਨਾਂ ਗੋਪਾਲ ਦੱਸਿਆ ਜਾ ਰਿਹਾ ਹੈ। ਉਸ ਨੇ ਆਪਣੇ ਆਪ ਨੂੰ ਇੱਕ ਰਾਮ ਭਗਤ ਦੱਸਿਆ ਹੈ। ਪੁਲਿਸ ਨੇ ਆਰੋਪੀ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜ਼ਖ਼ਮੀ ਵਿਦਿਆਰਥੀ ਦੀ ਪਛਾਣ ਸ਼ਾਦਾਬ ਵਜੋਂ ਹੋਈ ਹੈ। ਉਹ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਮਾਸ ਕਮਿਊਨੀਕੇਸ਼ਨ ਦਾ ਵਿਦਿਆਰਥੀ ਹੈ।
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੇ ਵਿਰੋਧ 'ਚ ਜਾਮੀਆ ਤੋਂ ਰਾਜਘਾਟ ਤਕ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ ਨੂੰ ਕੱਢਣ ਲਈ ਸਰਕਾਰ ਵੱਲੋਂ ਇਜਾਜ਼ਤ ਨਹੀਂ ਮਿਲੀ ਸੀ। ਮਾਰਚ ਜਿਵੇਂ ਹੀ ਅੱਗੇ ਵਧਣਾ ਸ਼ੁਰੂ ਹੋਇਆ, ਇੱਕ ਨੌਜਵਾਨ ਨੇ ਬੰਦੂਕ ਲਹਿਰਾਉਂਦੇ ਹੋਏ ਗੋਲੀ ਚਲਾ ਦਿੱਤੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਸ ਨੌਜਵਾਨ ਕੋਲ ਸੁਨਿਹਰੇ ਰੰਗ ਦਾ ਕੱਟਾ ਸੀ ਤੇ ਉਸ ਨੇ ਗੋਲੀ ਮਾਰਨ ਤੋਂ ਪਹਿਲਾਂ ਕਿਹਾ ਸੀ ਕਿ 'ਆਓ ਮੈਂ ਤੁਹਾਨੂੰ ਆਜ਼ਾਦੀ ਦਿਵਾਉਂਦਾ ਹਾਂ।'