ਨਵੀਂ ਦਿੱਲੀ : ਰਾਜਧਾਨੀ ਦੇ ਜਨਕਪੁਰੀ ਇਲਾਕੇ 'ਚ ਅੱਗ ਲਗਣ ਦੀ ਘਟਨਾ ਵਾਪਰੀ। ਇਸ ਦੌਰਾਨ ਸਮੇਂ ਰਹਿੰਦੇ ਹੀ 50 ਤੋਂ ਵੱਧ ਲੜਕੀਆਂ ਨੂੰ ਬਚਾ ਲਿਆ ਗਿਆ।
ਜਾਣਕਾਰੀ ਮੁਤਾਬਕ ਜਨਕਪੁਰੀ ਇਲਾਕੇ ਵਿੱਚ ਅੱਜ ਤੜਕੇ ਇੱਕ ਗਰਲਜ਼ ਹਾਸਟਲ ਵਿਖੇ ਅੱਗ ਲਗਣ ਦੀ ਖ਼ਬਰ ਹੈ। ਧੂਆਂ ਵੇਖਣ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਫਾਈਰ ਬ੍ਰਿਗੇਡ ਨੂੰ ਕਾਲ ਕੀਤੀ ਗਈ। ਇਹ ਅੱਗ ਹਾਸਟਲ ਦੇ ਇਲੈਕਟ੍ਰੋਨਿਕ ਪੈਨਲ ਵਿੱਚ ਲਗੀ ਸੀ।
ਮੌਕੇ 'ਤੇ ਪੁੱਜੀ ਫਾਈਰ ਬ੍ਰਿਗੇਡ ਅਤੇ ਰੈਸਕਿਊ ਟੀਮ ਨੇ ਹਾਸਟਲ ਚੋਂ ਲਗਭਗ 50 ਲੜਕੀਆਂ ਨੂੰ ਸੁਰੱਖਿਤ ਬਾਹਰ ਕੱਢਿਆ। ਇਨ੍ਹਾਂ ਵਿਚੋਂ 6 ਲੜਕੀਆਂ ਧੂਏਂ ਕਾਰਨ ਬੇਹੋਸ਼ ਹੋ ਗਈਆਂ ਸਨ ਅਤੇ ਇੱਕ ਲੜਕੀ ਨੇ ਪਹਿਲੇ ਫਲੋਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਲੜਕੀ ਜ਼ਖਮੀ ਹੋ ਗਈ। ਬੇਹੋਸ਼ ਲੜਕੀਆਂ ਨੂੰ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਘਟਨਾ ਮੌਕੇ 'ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਇਸ ਹਾਸਟਲ ਦੀ ਬਿਲਡਿੰਗ ਬੇਸਮੈਂਟ ,ਗਰਾਉਂਡ ਅਤੇ ਪਹਿਲਾ ਫਲੋਰ ਬਣਿਆ ਹੋਇਆ ਹੈ। ਹਾਸਟਲ ਦੇ ਬੇਸਮੈਂਟ ਵਿੱਚ 10 ਕਮਰੇ ਬਣੇ ਹੋਏ ਹਨ। ਪਹਿਲੇ ਫਲੋਰ ਉੱਤੇ ਜਾਣ ਵਾਲੇ ਰਾਸਤੇ ਵਿੱਚ ਲਗੇ ਇਲੈਕਟ੍ਰੋਨਿਕ ਪੈਨਲ ਵਿੱਚ ਅੱਗ ਲਗ ਗਈ ਸੀ ਅਤੇ ਉਸ ਸਮੇਂ ਹਾਸਟਲ ਦੇ ਮੇਨ ਗੇਟ ਬੰਦ ਸੀ। ਜਿਸ ਕਾਰਨ ਅੱਗ ਲਗਣ ਤੋਂ ਬਾਅਦ ਹਾਸਟਲ ਦੇ ਅੰਦਰ ਅਫ਼ਰਾ-ਤਫ਼ਰੀ ਮੱਚ ਗਈ। ਫਿਲਹਾਲ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।