ਜਾਣੋਂ ਕਿਉਂ ਮਨਾਇਆ ਜਾਂਦਾ ਹੈ 'ਫਾਦਰਸ ਡੇਅ' ? - 2019
ਵਿਸ਼ਵ 'ਚ ਅੱਜ 'ਫਾਦਰਸ ਡੇਅ' ਮਨਾਇਆ ਜਾ ਰਿਹਾ ਹੈ। ਇਸ ਦਿਨ ਦੀ ਸ਼ੁਰੂਆਤ 1910 ਦੇ ਵਿੱਚ ਹੋਈ ਸੀ। 16 ਸਾਲਾਂ ਦੀ ਸੋਨੋਰਾ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ।
ਚੰਡੀਗੜ੍ਹ: ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ 'ਫਾਦਰਸ ਡੇਅ' ਮਨਾਇਆ ਜਾਂਦਾ ਹੈ। 'ਫਾਦਰਸ ਡੇਅ' ਦੀ ਸ਼ੁਰੂਆਤ 1910 'ਚ ਸੋਨੋਰਾ ਲੁਈਸ ਸਮਾਰਟ ਡੂਡ (Sonora Louise Smart Dodd) ਨਾਂਅ ਦੀ 16 ਸਾਲਾਂ ਕੁੜੀ ਨੇ ਕੀਤੀ ਸੀ। ਸੋਨੋਰਾ ਨੂੰ ਉਸ ਦੇ ਪਿਤਾ ਨੇ ਪਾਲਿਆ ਸੀ। ਜਦੋਂ ਸੋਨੋਰਾ ਨੇ 'ਮਦਰਸ ਡੇਅ' ਬਾਰੇ ਸੁਣਿਆ ਤਾਂ ਉਸ ਨੇ 'ਫਾਦਰਸ ਡੇਅ' ਮਨਾਉਣ ਬਾਰੇ ਸੋਚਿਆ। ਇਸ ਤਰ੍ਹਾਂ ਸੋਨੋਰਾ ਦੇ ਹੀ ਯਤਨ ਸਦਕਾ ਵਿਸ਼ਵ 'ਚ 'ਫਾਦਰਸ ਡੇਅ' ਮਨਾਇਆ ਜਾਂਦਾ ਹੈ।
16 ਜੂਨ ਨੂੰ ਮਨਾਏ ਜਾ ਰਹੇ 'ਫਾਦਰਸ ਡੇਅ' ਸਬੰਧੀ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਪੋਸਟ ਵੇਖਣ ਨੂੰ ਮਿਲ ਰਹੇ ਹਨ। ਪਿਤਾ ਦੇ ਮਹੱਤਵ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਗੂਗਲ ਨੇ ਵੀ ਵਿਸ਼ੇਸ਼ ਡੂਡਲ ਇਸ ਸਬੰਧੀ ਤਿਆਰ ਕੀਤਾ ਹੈ। ਇਸ ਡੂਡਲ 'ਚ ਤਿੰਨ ਸਲਾਇਡਸ ਦੇ ਵਿੱਚ ਇਕ ਗ੍ਰੇ ਰੰਗ ਦੇ ਪਿਤਾ ਨੂੰ ਵਿਖਾਇਆ ਗਿਆ ਹੈ, ਜੋ ਆਪਣੇ 6 ਡਕਲਿੰਗਜ ਦੀ ਦੇਖਭਾਲ ਕਰ ਰਿਹਾ ਹੈ।
ਇਸ ਡੂਡਲ ਦੇ ਜ਼ਰੀਏ ਇਹ ਪ੍ਰਤੀਤ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਬਾਪ ਆਪਣੀ ਔਲਾਦ ਦਾ ਧਿਆਨ ਰੱਖਦਾ ਹੈ। ਕਿਸ ਤਰ੍ਹਾਂ ਇਕ ਬਾਪ ਆਪਣੀ ਔਲਾਦ ਦੀ ਜ਼ਿਦ ਵੀ ਪੂਰੀ ਕਰਦਾ ਹੈ ਅਤੇ ਲੋੜ ਪੈਣ 'ਤੇ ਉਸ ਨੂੰ ਸਮਝਾਉਂਦਾ ਵੀ ਹੈ। ਬਾਪ ਉਹ ਹੈ ਜੋ ਹਮੇਸ਼ਾ ਸਾਡਾ ਖ਼ਿਆਲ ਰੱਖਦਾ ਹੈ ਬੇਸ਼ੱਕ ਬੱਚੇ ਪਿਤਾ ਤੋਂ ਮੂੰਹ ਮੋੜ ਲੈਣ ਪਰ ਬਾਪ ਤਾਂ ਵੀ ਆਪਣੀ ਔਲਾਦ ਦਾ ਸੋਚਦਾ ਹੈ।