ਨਵੀਂ ਦਿੱਲੀ: ਚੀਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਸੈਨਿਕ ਬਲਾਂ ਦੀ ਲੜਾਈ ਦੀ ਸਮਰੱਥਾ ਵਧਾਉਣ ਲਈ 38,900 ਕਰੋੜ ਰੁਪਏ ਦੀ ਲਾਗਤ ਨਾਲ ਲੜਾਕੂ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀਆਂ ਅਤੇ ਹੋਰ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਭਾਰਤੀ ਹਵਾਈ ਸੈਨਾ ਕੋਲ ਇਸ ਸਮੇਂ ਲਗਭਗ 33 ਲੜਾਕੂ ਸਕੁਆਡਰਨ (ਲਗਭਗ 600 ਲੜਾਕੂ ਜਹਾਜ਼) ਹਨ। 33 ਨਵੇਂ ਜਹਾਜ਼ਾਂ ਦੀ ਖਰੀਦ ਨਾਲ, ਇਹ ਗਿਣਤੀ 600 ਨੂੰ ਪਾਰ ਕਰ ਜਾਵੇਗੀ। ਫਿਰ ਵੀ, ਇਹ ਗਿਣਤੀ 800 ਲੜਾਕੂ ਦੀ ਲੋੜੀਂਦੀ ਤਾਕਤ ਨਾਲੋਂ ਕਿਤੇ ਘੱਟ ਹੈ। ਭਾਰਤ ਨੂੰ ਚੀਨ ਤੇ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਤਕਰੀਬਨ 800 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ।
ਰੱਖਿਆ ਮੰਤਰਾਲੇ ਨੇ ਰੂਸ ਤੋਂ 33 ਨਵੇਂ ਲੜਾਕੂ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ 12 ਸੁਖੋਈ 30 ਜਹਾਜ਼ ਅਤੇ 21 ਮਿਗ-29 ਜਹਾਜ਼ ਵੀ ਸ਼ਾਮਲ ਹਨ। ਇਸ ਦੇ ਨਾਲ, ਪਹਿਲਾਂ ਤੋਂ ਮੌਜੂਦ 59 ਮਿਗ-29 ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਸਾਰੇ ਪ੍ਰਾਜੈਕਟ ਦੀ ਕੁਲ ਲਾਗਤ 18,148 ਕਰੋੜ ਰੁਪਏ ਦੱਸੀ ਗਈ ਹੈ।
21 ਮਿਗ-29 ਲੜਾਕੂ ਜਹਾਜ਼ਾਂ ਅਤੇ ਮਿਗ-29 ਦੇ ਮੌਜੂਦਾ ਬੇੜੇ ਨੂੰ ਅਪਗ੍ਰੇਡ ਕਰਨ ਲਈ 7,418 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਜਦੋਂ ਕਿ, ਹਿੰਦੁਸਤਾਨ ਏਅਰੋਨਾਟਿਕਲਜ਼ ਲਿਮਟਿਡ ਤੋਂ 12 ਨਵੇਂ SU-30 MKI ਜਹਾਜ਼ਾਂ ਦੀ ਖਰੀਦ 'ਤੇ 10,730 ਕਰੋੜ ਰੁਪਏ ਖਰਚ ਆਉਣਗੇ।
ਇਹ ਫ਼ੈਸਲਾ ਰੱਖਿਆ ਖਰੀਦ ਪ੍ਰੀਸ਼ਦ (ਡੀਏਸੀ) ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਹ ਪ੍ਰਸਤਾਵ ਅੰਤਮ ਮਨਜ਼ੂਰੀ ਲਈ ਸੁਰੱਖਿਆ ਬਾਰੇ ਕੈਬਿਨੇ ਕਮੇਟੀ ਦੇ ਸਾਹਮਣੇ ਰੱਖੇ ਜਾਣਗੇ।
ਜ਼ਿਕਰਯੋਗ ਹੈ ਕਿ ਰੂਸ ਨੂੰ ਭਾਰਤ ਅਤੇ ਚੀਨ ਦੋਵਾਂ ਦਾ ਕਰੀਬੀ ਮੰਨਿਆ ਜਾਂਦਾ ਹੈ। ਰੂਸ ਨੇ ਚੀਨ ਨੂੰ S-400 ਮਿਜ਼ਾਈਲਾਂ ਦੀ ਸਪਲਾਈ ਕੀਤੀ ਹੈ, ਪਰ ਭਾਰਤ ਐਂਟੀ-ਮਿਜ਼ਾਈਲ ਪ੍ਰਣਾਲੀ ਨੂੰ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ।
ਡੀਏਸੀ ਨੇ ਪਹਿਲਾਂ ਹੀ 59 ਮਿਗ-29 ਨੂੰ ਭਾਰਤੀ ਹਵਾਈ ਸੈਨਾ ਨਾਲ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਸੀ।