ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਧਿਆਪਕ ਦਿਵਸ ਮੌਕੇ 47 ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ।
ਇਨ੍ਹਾਂ ਵਿੱਚੋਂ ਦੋ ਅਧਿਆਪਕ ਦਿਵਿਆਂਗ ਸ਼੍ਰੇਣੀ ਵਿੱਚ ਹਨ। ਇਹ ਅਧਿਆਪਕ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ-ਨਾਲ 7 ਸੰਸਥਾਵਾਂ ਦੇ ਵੀ ਹਨ। ਇਨ੍ਹਾਂ ਵਿੱਚ ਕੇਂਦਰੀ ਸਕੂਲ, ਜਵਾਹਰ ਨਵੋਦਿਆ ਸਕੂਲ, ਸੈਕੰਡਰੀ ਸਿੱਖਿਆ ਬੋਰਡ ਆਦਿ ਸ਼ਾਮਲ ਹਨ।
ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਡਿਜੀਟਲ ਰਾਹੀਂ ਪੜ੍ਹਾਈ ਕਰਨ ਦੇ ਸਾਧਨ, ਪੇਂਡੂ, ਆਦਿਵਾਸੀ ਅਤੇ ਦੂਰਦਰਾਜ ਦੇ ਖੇਤਰਾਂ ਵਿੱਚ ਵੀ ਹਰ ਵਰਗ ਦੇ ਸਾਡੇ ਬੱਚਿਆਂ ਨੂੰ ਪ੍ਰਾਪਤ ਹੋ ਸਕੇ।
ਅਧਿਆਪਕਾਂ ਨੂੰ ਸਿੱਖਿਆ ਪ੍ਰਣਾਲੀ ਵਿਚ ਹੋ ਰਹੀਆਂ ਬੁਨਿਆਦੀ ਤਬਦੀਲੀਆਂ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ। ਨਵੀਂ ਸਿੱਖਿਆ ਨੀਤੀ ਅਨੁਸਾਰ ਅਧਿਆਪਕਾਂ ਨੂੰ ਸਮਰੱਥ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੀ ਲੋੜ ਹੈ। ਇਸ ਨੀਤੀ ਦੇ ਅਨੁਸਾਰ, ਹਰ ਪੱਧਰ 'ਤੇ ਅਧਿਆਪਨ ਪੇਸ਼ੇ ਵਿਚ ਸਭ ਤੋਂ ਵੱਧ ਹੋਣਹਾਰ ਲੋਕਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਮੈਂ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਾ ਹਾਂ ਅਤੇ ਬੱਚਿਆਂ ਨੂੰ ਸਿਖਲਾਈ ਦੇਣ ਵਿੱਚ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ ਆਪਣੇ ਦੇਸ਼ ਵਿਚ ਅਧਿਆਪਕ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ।"