ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਕਾਂਗਰਸੀ ਲੀਡਰ ਰਾਹੁਲ ਗਾਂਧੀ ਆਈ.ਐੱਮ.ਐੱਫ਼. ਦੀ ਰਿਪੋਰਟ ਨੂੰ ਲੈ ਕੇ ਭਾਜਪਾ ਉੱਤੇ ਹਮਲਾ ਕੀਤਾ ਹੈ ਜਿਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਾਲ 2020-21 ਵਿੱਚ ਭਾਰਤ ਦੀ ਆਰਥਿਕਤਾ 10 ਫ਼ੀਸਦੀ ਤੱਕ ਡਿੱਗ ਸਕਦੀ ਹੈ।
ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਵੀ ਕੋਵਿਡ ਨੂੰ ਸਾਡੇ ਨਾਲੋਂ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਰਾਹੁਲ ਗਾਂਧੀ ਵੱਲੋਂ ਆਪਣੇ ਟਵੀਟਰ ਅਕਾਊਂਟ 'ਤੇ ਆਈਐਮਐਫ਼ ਗਰੋਥ ਚਾਰਟ ਨੂੰ ਟੈਗ ਕੀਤਾ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਦੀ ਵਿਕਾਸ ਦਰ ਬੰਗਲਾਦੇਸ਼ ਨਾਲੋਂ ਘੱਟ ਰਹੇਗੀ ਤੇ ਭਾਰਤ ਦੀ ਆਰਥਿਕਤਾ 10 ਫ਼ੀਸਦੀ ਤੱਕ ਡਿੱਗ ਸਕਦੀ ਹੈ।
ਆਈਐਮਐਫ਼ ਦੇ ਅੰਕੜਿਆਂ ਦਾ ਹਵਾਲਾ ਦੇ ਕੇ ਬਣੇ ਚਾਰਟ ਵਿੱਚ ਦਿਖਾਇਆ ਗਿਆ ਹੈ ਕਿ ਅਗਲੇ ਵਿੱਤੀ ਸਾਲ ਵਿੱਚ, ਅਫ਼ਗਾਨਿਸਤਾਨ ਦੇ ਜੀਡੀਪੀ ਵਿੱਚ 5 ਫ਼ੀਸਦੀ ਅਤੇ ਪਾਕਿਸਤਾਨ ਦੇ ਜੀਡੀਪੀ ਵਿੱਚ ਸਿਰਫ਼ .40 ਫ਼ੀਸਦੀ ਦੀ ਗਿਰਾਵਟ ਆਵੇਗੀ।
ਸਾਬਕਾ ਕਾਂਗਰਸ ਮੁਖੀ ਨੇ ਬੁੱਧਵਾਰ ਨੂੰ ਆਈ.ਐੱਮ.ਐੱਫ. ਦੇ ਅਨੁਮਾਨਾਂ 'ਤੇ ਸਰਕਾਰ ਦੀ ਨਿੰਦਾ ਕੀਤੀ ਸੀ ਅਤੇ ਦਿਖਾਇਆ ਸੀ ਕਿ ਇਸ ਸਾਲ ਪ੍ਰਤੀ ਵਿਅਕਤੀ ਜੀਡੀਪੀ ਦੇ ਹਿਸਾਬ ਨਾਲ ਬੰਗਲਾਦੇਸ਼ ਭਾਰਤ ਤੋਂ ਅੱਗੇ ਲੰਘ ਰਿਹਾ ਹੈ ਅਤੇ ਇਹ ਬੀਜੇਪੀ ਦੇ ਛੇ ਸਾਲਾਂ ਦੇ ਸਭਿਆਚਾਰਕ ਰਾਸ਼ਟਰਵਾਦ ਨਫ਼ਰਤ ਭਰੇ ਵਤੀਰੇ ਦੀ ਇੱਕ 'ਵੱਡੀ ਪ੍ਰਾਪਤੀ' ਹੈ।
ਦੱਸ ਦੇਈਏ ਕਿ ਇਸ ਹਫ਼ਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) -ਵਿਸ਼ਵ ਆਰਥਿਕ ਨਜ਼ਰੀਏ (ਡਬਲਯੂਈਈਓ) ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੱਖਣੀ ਏਸ਼ੀਆ ਦਾ ਤੀਜਾ ਸਭ ਤੋਂ ਗ਼ਰੀਬ ਦੇਸ਼ ਬਣਨ ਵੱਲ ਵਧ ਰਿਹਾ ਹੈ।
ਜੇਕਬ ਕੁਲ ਜੀਡੀਪੀ ਦੇ ਅਨੁਮਾਨ 'ਤੇ ਨਜ਼ਰ ਮਾਰੋ, ਤਾਂ ਸਿਰਫ਼ ਪਾਕਿਸਤਾਨ ਅਤੇ ਨੇਪਾਲ ਭਾਰਤ ਤੋਂ ਪਿੱਛੇ ਰਹਿ ਜਾਣਗੇ, ਜਦਕਿ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਭਾਰਤ ਤੋਂ ਅੱਗੇ ਹੋਣਗੇ। ਹਾਲਾਂਕਿ, ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ 2021 ਵਿੱਚ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕਤਾ ਵਜੋਂ 8.8 ਫ਼ੀਸਦੀ ਵਾਧਾ ਦਰ ਨਾਲ ਵਾਪਿਸ ਵੀ ਆ ਸਕਦਾ ਹੈ।