ਹੈਦਰਾਬਾਦ : 23 ਮਾਰਚ 1931 ਨੂੰ ਭਗਤ ਸਿੰਘ ਤੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੱਤ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ। ਇਨ੍ਹਾਂ ਸੂਰਮਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੇਸ਼ ਲਈ ਆਜ਼ਾਦੀ ਦੀ ਸਵੇਰ ਲਿਆਂਦੀ। 'ਰਾਮੋਜੀ ਗੁਰੱਪ' ਦੇ 'ਈਟੀਵੀ ਭਾਰਤ' ਦੀ ਸਮੁੱਚੀ ਟੀਮ ਵੀ ਦੇਸ਼ ਕੌਮ 'ਤੇ ਜਾਨ ਵਾਰਨ ਵਾਲੇ ਇਹਨਾਂ ਤਿੰਨਾਂ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ।
ਭਗਤ ਸਿੰਘ ਬਾਰੇ ਕੁਝ ਖ਼ਾਸ ਗੱਲਾਂ...
ਭਗਤ ਸਿੰਘ, ਰਾਜਗੁਰੂ, ਸੁਖਦੇਵ ਦੱਤ ਫ਼ਾਨੀ ਇਨਸਾਨਾਂ ਦੇ ਨਾਂਅ ਨਹੀਂ ਰਹੇ, ਇਹ ਤਾਂ ਦੇਸ਼ 'ਤੇ ਮਰ ਮਿਟਣ ਵਾਲਿਆਂ ਦੀ ਸੋਚ ਦੀ ਪਰਿਭਾਸ਼ਾ ਦੇ ਸਿਰਲੇਖ ਬਣ ਚੁੱਕੇ ਹਨ। ਆਪਣੀ ਆਖਰੀ ਚਿੱਠੀ ਵਿੱਚ ਭਗਤ ਸਿੰਘ ਨੇ ਆਪਣੇ ਭਰਾ ਨੂੰ ਮੁਖ਼ਾਤਿਬ ਹੁੰਦੇ ਲਿਖਿਆ ਸੀ,
"ਉਸੇ ਯੇ ਫ਼ਿਕਰ ਹੈ, ਕਿ ਹਰਦਮ ਤਰਜ਼ੇ ਜਫ਼ਾ ਕਿਆ ਹੈ, ਹਮੇਂ ਯੇ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ।"
ਨਿੱਕੀ ਉਮਰੇ ਵੱਡੇ ਸੁਫ਼ਨੇ ਵੇਖਣ ਵਾਲਾ ਜਾਂਬਾਜ਼
1919 ਵਿੱਚ ਹੋਏ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਭਗਤ ਸਿੰਘ 12 ਮੀਲ ਪੈਦਲ ਚੱਲ ਕੇ ਗੁਲਾਮੀ ਦੀ ਬੇਵਸੀ ਦਾ ਮੰਜ਼ਰ ਦੇਖਣ ਗਿਆ ਸੀ। ਉਸ ਮੰਜ਼ਰ ਨੂੰ ਦੇਖ ਕੇ ਇਕ ਬੱਚੇ ਨੇ ਅੰਗਰੇਜ਼ਾਂ ਨੂੰ ਮੁਲਕ ਤੋਂ ਆਜ਼ਾਦ ਕਰਵਾਉਣ ਲਈ ਗਾਂਧੀ ਦੇ ਰਾਹ ਤੋਂ ਹਟ ਆਪਣਾ ਰਾਹ ਬਣਾਉਣ ਦਾ ਜਨੂੰਨ ਪਾਲ ਲਿਆ।
ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਦੇ ਨਾਲੋਂ-ਨਾਲ ਹਿੰਦ ਵਾਸੀਆਂ ਨੂੰ ਝੰਜੋੜਨ ਲਈ ਦਿੱਲੀ ਅਸੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। ਭਗਤ ਸਿੰਘ ਚਾਹੁੰਦਾ ਸੀ ਕਿ ਇਸ ਵਿੱਚ ਕੋਈ ਖ਼ੂਨ-ਖ਼ਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘਸ਼ਾਮਲ ਨਹੀਂ ਸੀ। ਬਹੁ ਗਿਣਤੀ ਭਗਤ ਸਿੰਘ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ 'ਤੇ ਬਚਾ ਕੇ ਰੱਖਣ ਦੇ ਹੱਕ ਵਿੱਚ ਸੀ। ਪਰ ਭਗਤ ਸਿੰਘ ਦੇ ਸਾਥੀ ਸੁਖਦੇਵ ਦੇ ਮਿਹਣਿਆਂ ਕਾਰਨ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ।