ਦਰਭੰਗਾ: ਗੁਰੂਗ੍ਰਾਮ ਤੋਂ 1 ਹਜ਼ਾਰ 300 ਕਿਲੋਮੀਟਰ ਦੀ ਦੂਰੀ ਤੈਅ ਕਰ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਹਾਰ ਲੈ ਕੇ ਆਉਣ ਵਾਲੀ ਜਯੋਤੀ ਦੀ ਹਿੰਮਤ ਦੀ ਅੱਜ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਸ ਦੀ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪ੍ਰਸ਼ੰਸਾ ਹੋ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਜਯੋਤੀ ਦੇ ਜਨੂੰਨ ਨੂੰ ਸਲਾਮ ਕੀਤਾ ਹੈ। ਈਟੀਵੀ ਭਾਰਤ ਨੇ ਜਯੋਤੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਆਪਣੀ ਇੱਛਾ ਦੱਸੀ।
ਈਟੀਵੀ ਭਾਰਤ ਨੂੰ ਜਯੋਤੀ ਕੁਮਾਰੀ ਨੇ ਦੱਸੀ ਆਪਣੀ ਖੁਆਇਸ਼ ਬਿਹਾਰ ਦੇ ਸਿੰਘਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ ਧੀ ਜਯੋਤੀ ਨੇ ਆਪਣੇ ਪਿਤਾ ਲਈ ਉਹ ਕੀਤਾ, ਜਿਸ ਦੀ ਕਿਸੇ ਨੂੰ ਆਪਣੇ ਪੁੱਤਰਾਂ ਤੋਂ ਉਮੀਦ ਨਹੀਂ ਸੀ। 13 ਸਾਲਾ ਜਯੋਤੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ 'ਤੇ ਲਗਭਗ 1 ਹਜ਼ਾਰ 300 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਸ ਨੂੰ ਸੁਰੱਖਿਅਤ ਘਰ ਲੈ ਆਈ।
ਹੁਣ ਉਸ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀਐਫਆਈ) ਦੁਆਰਾ ਟਰਾਇਲ ਲਈ ਬੁਲਾਇਆ ਗਿਆ ਹੈ ਜਿਸ ਦੇ ਲਈ ਉਹ ਤਾਲਾਬੰਦੀ ਤੋਂ ਬਾਅਦ ਦਿੱਲੀ ਜਾਵੇਗੀ। ਜਯੋਤੀ ਨੇ ਇਸ ਬਾਰੇ ਕੀ ਕਿਹਾ, ਆਓ ਜਾਣਦੇ ਹਾਂ..
ਜਯੋਤੀ ਨੇ ਸੀਐਫਆਈ ਦੀ ਪੇਸ਼ਕਸ਼ ਸਵੀਕਾਰ ਕੀਤੀ
ਜਯੋਤੀ ਅਤੇ ਉਸ ਦਾ ਪਰਿਵਾਰ ਸੀਐਫਆਈ ਦੀ ਪੇਸ਼ਕਸ਼ ਤੋਂ ਬਹੁਤ ਖੁਸ਼ ਹਨ। ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ। ਜਯੋਤੀ ਨੇ ਕਿਹਾ ਕਿ ਉਸ ਨੇ ਸੀਐਫਆਈ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।
ਅਗਲੇ ਮਹੀਨੇ, ਫੈਡਰੇਸ਼ਨ ਦੇ ਅਧਿਕਾਰੀ ਉਸਨੂੰ ਲੈਣ ਲਈ ਦਰਭੰਗਾ ਆਉਣਗੇ। ਜਯੋਤੀ ਨੇ ਕਿਹਾ, "ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਜੇ, ਦੇਸ਼, ਖੇਤਰ ਅਤੇ ਜ਼ਿਲ੍ਹੇ ਦਾ ਨਾਂਅ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ।"
ਉਸ ਨੇ ਦੱਸਿਆ ਕਿ ਫੈਡਰੇਸ਼ਨ ਨੇ ਟਰਾਇਲ ਵਿੱਚ ਸਫ਼ਲਤਾ ਤੋਂ ਬਾਅਦ ਉਸ ਨੂੰ ਸਾਈਕਲਿੰਗ ਦੀ ਸਿਖਲਾਈ ਅਤੇ ਸਕੂਲੀ ਸਿੱਖਿਆ ਦੀ ਪੇਸ਼ਕਸ਼ ਕੀਤੀ ਹੈ। ਇਸ ਦਾ ਸਾਰਾ ਖ਼ਰਚਾ ਫੈਡਰੇਸ਼ਨ ਖੁਦ ਹੀ ਚੁੱਕੇਗਾ। ਉਸ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਸਾਈਕਲਿੰਗ ਦੀ ਸਿਖਲਾਈ ਜਾਰੀ ਰੱਖਣਾ ਚਾਹੁੰਦੀ ਹੈ।
ਕੋਰੋਨਾ ਰਾਹਤ ਫੰਡ ਦੇ ਪੈਸਿਆਂ ਨਾਲ ਖ਼ਰੀਦਿਆ ਸਾਈਕਲ
ਗੱਲਬਾਤ ਦੌਰਾਨ ਜਯੋਤੀ ਨੇ ਦੱਸਿਆ ਕਿ ਉਹ ਸਾਈਕਲ ਉੱਤੇ ਆਪਣੇ ਪਿਤਾ ਨਾਲ ਲੈ ਕੇ ਘਰ ਪੁੱਜੀ ਸੀ। ਉਸ ਨੇ ਸਾਈਕਲ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਿਲੀ ਕੋਰੋਨਾ ਰਾਹਤ ਰਾਸ਼ੀ ਦੇ 1000 ਰੁਪਏ ਵਿੱਚ ਗੁਰੂਗ੍ਰਾਮ ਤੋਂ ਖਰੀਦਿਆ ਸੀ।
ਕੋਰੋਨਾ ਰਾਹਤ ਫੰਡ ਦੇ ਪੈਸਿਆਂ ਨਾਲ ਖ਼ਰੀਦਿਆ ਸਾਈਕਲ ਉਸ ਨੇ ਆਪਣੀ ਵੱਡੀ ਭੈਣ ਦੇ ਸਾਈਕਲ ਤੋਂ ਸਾਈਕਲ ਚਲਾਉਣਾ ਸਿੱਖਿ। ਉਸ ਦੀ ਵੱਡੀ ਭੈਣ ਨੂੰ ਬਿਹਾਰ ਸਰਕਾਰ ਦੀ ਗਰਲ ਚਾਈਲਡ ਸਾਈਕਲ ਸਕੀਮ ਦੇ ਤਹਿਤ ਸਾਈਕਲ ਮਿਲਿਆ ਸੀ। ਇਸ ਦੇ ਲਈ ਜਯੋਤੀ ਨੇ ਸੀਐਮ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ ਹੈ।
ਅਖਿਲੇਸ਼ ਯਾਦਵ ਨੇ 1 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
ਜਯੋਤੀ ਨੂੰ ਮਿਲ ਰਹੀ ਪ੍ਰਸਿੱਧੀ ਤੋਂ ਬਾਅਦ ਪਿੰਡ ਦੇ ਲੋਕ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਟਵਿੱਟਰ 'ਤੇ ਜੋਤੀ ਦੀ ਪ੍ਰਸ਼ੰਸਾ ਕੀਤੀ ਅਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਪੱਪੂ ਯਾਦਵ ਨੂੰ ਕੀਤਾ ਸਨਮਾਨਿਤ
ਜਨ ਅਧਿਕਾਰ ਪਾਰਟੀ ਦੇ ਰਾਸ਼ਟਰੀ ਸਰਪ੍ਰਸਤ ਪੱਪੂ ਯਾਦਵ ਨੇ ਆਪਣੀ ਪਾਰਟੀ ਵੱਲੋਂ ਦਰਭੰਗਾ ਦੀ ਬਹਾਦਰ ਧੀ ਜਯੋਤੀ ਨੂੰ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਹੈ। ਉਸ ਦੀ ਪਾਰਟੀ ਦੇ ਵਰਕਰਾਂ ਨੇ ਇਹ ਰਕਮ ਸਰਹੁੱਲੀ ਪਿੰਡ ਵਿੱਚ ਜਯੋਤੀ ਦੇ ਘਰ ਜਾ ਕੇ ਸੌਂਪੀ।
ਮਿਥਿਲਾ ਵਿਰਾਂਗਨਾ ਸਨਮਾਨ
ਜਯੋਤੀ ਨੂੰ ਐਨਜੀਓ ਡਾ. ਪ੍ਰਭਾਤ ਦਾਸ ਫਾਉਂਡੇਸ਼ਨ ਦੁਆਰਾ 'ਮਿਥਿਲਾ ਵੀਰਾਂਗਨਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਤਹਿਤ ਜਯੋਤੀ ਨੂੰ ਪ੍ਰਸ਼ੰਸਾ ਪੱਤਰ, ਮੋਮੈਂਟੋ ਅਤੇ ਪ੍ਰੋਤਸਾਹਨ ਦੇ ਪੈਸੇ ਦਿੱਤੇ ਗਏ।
ਜਯੋਤੀ ਦੀ ਪ੍ਰਸ਼ੰਸਾ ਕਰਦਿਆਂ ਇਵਾਂਕਾ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਖ਼ਬਰ ਸਾਂਝੀ ਕਰਦਿਆਂ ਲਿਖਿਆ, " 15 ਸਾਲਾ ਜਯੋਤੀ ਕੁਮਾਰੀ ਨੇ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਉੱਤੇ 7 ਦਿਨਾਂ ਵਿੱਚ 1200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਧੀਰਜ ਅਤੇ ਪਿਆਰ ਦੀ ਖੂਬਸੂਰਤ ਗਾਥਾ ਨੇ ਭਾਰਤੀ ਲੋਕਾਂ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।"
ਇਵਾਂਕਾ ਦੇ ਇਸ ਟਵੀਟ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਖਿਆ, "ਉਸ ਦੀ ਗਰੀਬੀ ਅਤੇ ਨਿਰਾਸ਼ਾ ਦੀ ਮਹਿਮਾ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਕਿ ਜਯੋਤੀ ਨੇ ਮਨੋਰੰਜਨ ਲਈ 1200 ਕਿਲੋਮੀਟਰ ਦੀ ਦੌੜ ਲਗਾਈ ਹੋਵੇ।"
ਦੱਸ ਦਈਏ ਕਿ ਜਯੋਤੀ ਦੇ ਪਿਤਾ ਗੁਰੂਗ੍ਰਾਮ ਵਿਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਹੋਏ ਹਾਦਸੇ ਤੋਂ ਬਾਅਦ ਉਹ ਆਪਣੀ ਮਾਂ ਅਤੇ ਭਰਜਾਈ ਨਾਲ ਗੁਰੂਗ੍ਰਾਮ ਆ ਗਈ ਅਤੇ ਫਿਰ ਆਪਣੇ ਪਿਤਾ ਦੀ ਦੇਖਭਾਲ ਲਈ ਉਥੇ ਰੁਕ ਗਈ।
ਇਸ ਦੌਰਾਨ ਕੋਵਿਡ-19 ਕਾਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਜਯੋਤੀ ਦੇ ਪਿਤਾ ਦਾ ਕੰਮ ਰੁੱਕ ਗਿਆ। ਅਜਿਹੀ ਸਥਿਤੀ ਵਿਚ ਉਸ ਨੇ ਆਪਣੇ ਪਿਤਾ ਨਾਲ ਸਾਈਕਲ 'ਤੇ ਵਾਪਸ ਪਿੰਡ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ।