ਨਵੀਂ ਦਿੱਲੀ: ਮੰਗਲਵਾਰ ਨੂੰ ਸੋਨੀਆ ਗਾਂਧੀ ਦੇ ਘਰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਗਈ। ਕਿਆਸਰਾਈਆਂ ਹੋ ਰਹੀਆਂ ਹਨ ਕਿ ਅੱਜ-ਭਲਕ 'ਚ ਹੀ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਾਂਗਰਸ ਦੀ ਕੇਂਦਰੀ ਕਮੇਟੀ ਦੀ ਮੀਟਿੰਗ 'ਚ ਜਿਨ੍ਹਾਂ ਦੇ ਨਾਵਾਂ 'ਤੇ ਚਰਚਾ ਕੀਤੀ ਗਈ ਹੈ ਉਨ੍ਹਾਂ 'ਚ ਚੰਡੀਗੜ੍ਹ ਤੋਂ ਪਵਲ ਬਾਂਸਲ, ਜਲੰਧਰ ਤੋਂ ਸੰਤੋਖ ਚੌਧਰੀ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਲੁਧਿਆਣਾ ਤੋਂ ਰਵਨੀਤ ਬਿੱਟੂ, ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਭੇਵਾਲ ਅਤੇ ਪਟਿਆਲਾ ਤੋਂ ਪਰਨੀਤ ਕੌਰ ਆਦਿ ਨੇ ਨਾਂਅ ਸ਼ਾਮਲ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਇਸ ਮੀਟਿੰਗ 'ਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ। ਉਨ੍ਹਾਂ ਕੋਲੋਂ ਜਦੋਂ ਕਾਂਗਰਸ ਵੱਲੋਂ ਜਾਰੀ ਕੀਤੇ ਚੋਣ ਮੈਨੀਫ਼ੈਸਟੋ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਗਰੀਬ ਕਿਸਾਨਾਂ ਅਤੇ ਔਰਤਾਂ ਦੇ ਖ਼ਾਤੇ 'ਚ 72 ਹਜ਼ਾਰ ਰੁਪਏ ਜਮ੍ਹਾਂਕਰਵਾਉਣ ਦੀ ਗੱਲ ਕਹੀ ਹੈ।ਇਹ ਮੋਦੀ ਸਰਕਾਰ ਦਾ 15 ਲੱਖ ਵਾਲਾ ਕੋਈ ਜੁਮਲਾ ਨਹੀਂ ਹੈ, ਜਿੰਨਾ ਸਰਕਾਰ ਦੇ ਸਕਦੀ ਹੈ ਰਾਹੁਲ ਗਾਂਧੀ ਨੇ ਉੰਨੇ ਹੀ ਪੈਸੇ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਛੋਟੇ ਕਿਸਾਨ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ।ਸੁਨੀਲ ਜਾਖੜਨੇ ਕਿਹਾ ਕਿ ਮੋਦੀ ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ 19 ਮਈ ਦੀ ਤਾਰੀਕ ਐਲਾਨ ਕੀਤੀ ਹੈ ਕੀ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਕੋਲੋਂ ਡਰ ਲੱਗਦਾ ਸੀ?
ਉਨ੍ਹਾਂ ਕਿਹਾ ਕਿ ਪੰਜਾਬ 'ਚ ਚੋਣਾਂ ਪਹਿਲਾਂ ਹੋਣੀਆਂ ਚਾਹੀਦੀਆਂ ਸਨ ਕਿਉਂਕਿ ਚੋਣਾਂ ਉਸ ਸਮੇਂ ਜਦੋਂ ਪੰਜਾਬ 'ਚ ਵਾਢੀਆਂ ਸ਼ੁਰੂ ਹੋਣਗੀਆਂ। ਕਿਸਾਨ ਹੁਣ ਫ਼ਸਲਾਂ ਕੱਟਣਗੇ, ਉਨ੍ਹਾਂ ਨੂੰ ਸੰਭਾਲਣਗੇ ਜਾਂ ਫਿਰ ਵੋਟਾਂ ਪਾਉਣਗੇ? ਉਨ੍ਹਾਂ ਕਿਹਾ ਇਹ ਸਭ ਕੁੱਝ ਜਾਣ-ਬੁੱਝ ਕੇ ਕੀਤਾ ਗਿਆ ਹੈ ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ ਪੰਜਾਬ ਦੀ ਤਾਂ ਖ਼ਾਸ ਕਰਕੇ ਵਿਰੋਧੀ ਹੈ। ਮੋਦੀ ਨੇ ਅਜਿਹਾ ਕਰਕੇ ਕਿਸਾਨਾਂ 'ਤੇ ਹੋਰ ਡੂੰਘੀ ਸੱਟ ਮਾਰੀ ਹੈ। ਇੱਧਰ ਸਾਰੀ ਅਫ਼ਸਰਸ਼ਾਹੀ ਵੋਟਾਂ ਚ ਲੱਗੀ ਹੋਵੇਗੀ ਤੇ ਉੱਧਰ ਕਿਸਾਨ ਮੰਡੀ 'ਚ ਬੈਠਾ ਹੋਵੇਗਾ।