ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ, ਜੋ ਲੋਕ ਸਭਾ ਮੈਂਬਰ ਹਨ, ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਆਈਐਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ।
ਜਾਂਚ ਏਜੰਸੀ ਨੇ ਸੋਮਵਾਰ ਨੂੰ ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਅੱਗੇ ਚਿਦੰਬਰਮ, ਉਨ੍ਹਾਂ ਦੇ ਬੇਟੇ ਅਤੇ ਹੋਰਾਂ ਖ਼ਿਲਾਫ਼ ਈ-ਚਾਰਜਸ਼ੀਟ ਦਾਖਲ ਕੀਤੀ। ਪਿਤਾ-ਪੁੱਤਰ ਦੀ ਜੋੜੀ ਤੋਂ ਇਲਾਵਾ ਚਾਰਜਸ਼ੀਟ ਵਿੱਚ ਕਾਰਤੀ ਚਿਦੰਬਰਮ ਦੇ ਚਾਰਟਰਡ ਅਕਾਊਂਟੈਂਟ ਐਸਐਸ ਭਾਸਕਰਮਨ ਅਤੇ ਹੋਰਾਂ ਦਾ ਨਾਂਅ ਹੈ।
ਜੱਜ ਨੇ ਈਡੀ ਨੂੰ ਨਿਰਦੇਸ਼ ਦਿੱਤੇ ਹਨ ਕਿ ਇੱਕ ਵਾਰ ਜਦੋਂ ਅਦਾਲਤ ਆਮ ਤੌਰ 'ਤੇ ਕੰਮ ਕਰਨਾ ਸ਼ੁਰੂ ਕਰੇ ਤਾਂ ਇਸ ਦੀ ਹਾਰਡ ਕਾਪੀ ਵੀ ਦਾਇਰ ਕੀਤੀ ਜਾਵੇ।
ਚਿਦੰਬਰਮ ਨੂੰ ਸਭ ਤੋਂ ਪਹਿਲਾਂ 21 ਅਗਸਤ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਸੁਪਰੀਮ ਕੋਰਟ ਨੇ 22 ਅਕਤੂਬਰ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਈਡੀ ਨੇ 16 ਅਕਤੂਬਰ ਨੂੰ ਉਨ੍ਹਾਂ ਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਹੇਠਲੀ ਅਦਾਲਤ ਦੇ ਆਦੇਸ਼ ਅਧੀਨ 27 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਸਨ।