ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਨਾਲ 14 ਹਜ਼ਾਰ ਕਰੋੜ ਰੁਪਏ ਦੇ ਕਰੀਬ ਦਾ ਘੁਟਾਲਾ ਕਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।
ਈਡੀ ਵੱਲੋਂ ਹੌਂਗਕੌਂਗ ਤੋਂ 2340 ਕਿਲੋ ਵਜ਼ਨੀ ਤਰਾਸ਼ੇ ਹੋਏ 1350 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਅਤੇ ਮੋਤੀ ਭਾਰਤ ਲਿਆਂਦੇ ਗਏ ਹਨ। ਇਹ ਹੀਰੇ-ਮੋਤੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਕੰਪਨੀਆਂ ਨਾਲ ਸਬੰਧਤ ਹਨ।
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਗੌੜੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਕੰਪਨੀਆਂ ਦੇ ਹੀਰੇ ਤੇ ਮੋਤੀਆਂ ਦੀਆਂ 108 ਖੇਪਾਂ ਮੁੰਬਈ ਲਿਆਂਦੀਆਂ ਗਈਆਂ।
108 ਖੇਪਾਂ ਵਿਚੋਂ 32 ਵਿਦੇਸ਼ੀ ਸੰਸਥਾਵਾਂ ਨਾਲ ਸਬੰਧਤ ਹਨ ਜੋ ਨੀਰਵ ਮੋਦੀ ਦੇ ਕੰਟਰੋਲ ਵਿੱਚ ਸਨ ਜਦੋਂਕਿ ਬਾਕੀ ਮੇਹੁਲ ਚੋਕਸੀ ਨਾਲ ਸਬੰਧਤ ਹਨ।
ਦੋਹਾਂ ਕਾਰੋਬਾਰੀਆਂ ਦੀ ਮੁੰਬਈ ਦੀ ਇੱਕ ਪੀਐਨਬੀ ਸ਼ਾਖਾ ਵਿੱਚ 2 ਅਰਬ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿੱਚ ਈਡੀ ਦੁਆਰਾ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਤਹਿਤ ਜਾਂਚ ਕੀਤੀ ਜਾ ਰਹੀ ਹੈ।