ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੋਟਾਂ ਤੋਂ ਐਨ ਪਹਿਲਾਂ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕੇ ਸਨਿੱਚਰਵਾਰ ਸ਼ਾਮ 5 ਤੱਕ ਕੇਜਰੀਵਾਲ ਤੋਂ ਜਵਾਬ ਮੰਗਿਆ ਹੈ।
ਚੋਣ ਕਮਿਸ਼ਨ ਨੇ ਟਵਿੱਟਰ ਤੇ 'ਹਿੰਦੂ ਮੁਸਲਿਮ' ਵਾਲਾ ਇੱਕ ਵੀਡੀਓ ਜਾਰੀ ਕਰਨ ਦੇ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ।
ਇਸ ਵੀਡੀਓ ਵਿੱਚ ਕਥਿਤ ਰੂਪ ਵਿੱਚ ਵਿਖਾਇਆ ਗਿਆ ਹੈ ਕਿ ਹੋਰ ਪਾਰਟੀਆਂ ਅਤੇ ਮੀਡੀਆ ਕਥਿਤ ਰੂਪ ਵਿੱਚ 'ਹਿੰਦੂ ਮੁਸਲਿਮ', ਸੀਏਏ ਅਤੇ ਮੰਦਰ ਮਸਜ਼ਿਦ ਦੀ ਗੱਲ ਕਰ ਰਹੇ ਹਨ ਜਦੋਂ ਕਿ ਕੇਜਰੀਵਾਲ ਵਿਕਾਸ, ਸਕੂਲਾਂ ਅਤੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰ ਰਿਹਾ ਹੈ।
ਕੇਜਰੀਵਾਲ ਨੂੰ ਇਹ ਨੋਟਿਸ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਜਾਰੀ ਕੀਤਾ ਗਿਆ ਹੈ। ਜ਼ਿਕਰ ਕਰ ਦਈਏ ਕਿ 8 ਫ਼ਰਵਰੀ ਨੂੰ ਦਿੱਲੀ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਨਤੀਜੇ 11 ਫ਼ਰਵਰੀ ਨੂੰ ਐਲਾਨੇ ਜਾਣਗੇ।