ਨਵੀਂ ਦਿੱਲੀ: ਅੱਜ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਕੋਰੋਨਾ ਕਾਰਨ ਇਸ ਵਾਰ ਰਾਵਣ ਦੇ ਪੁਤਲੇ ਨੂੰ ਸਾੜਨ ਦਾ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਜਾ ਰਿਹਾ। ਇਨ੍ਹਾਂ ਦਿਨਾਂ ਵਿੱਚ ਲਾਲ ਕਿਲ੍ਹਾ ਸੁੰਨਾ ਪਿਆ ਹੈ ਅਤੇ ਦੂਜੇ ਪਾਸੇ, ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਕੋਈ ਸਮਾਗਮ ਨਹੀਂ ਵੇਖਣ ਨੂੰ ਮਿਲ ਰਿਹਾ ਅਤੇ ਨਾ ਹੀ ਆਗੂ ਅਤੇ ਮੰਤਰੀ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ।
ਪੁਤਲੇ 'ਤੇ ਛੱਡਿਆ ਸੰਕੇਤਕ ਤੀਰ'
ਦੁਸਹਿਰੇ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਘਰ ਰਾਵਣ ਦੇ ਪੁਤਲੇ 'ਤੇ ਇੱਕ ਸੰਕੇਤਕ ਤੀਰ ਛੱਡਿਆ। ਮਨੀਸ਼ ਸਿਸੋਦੀਆ ਨੇ ਕੋਰੋਨਾ ਅਤੇ ਪ੍ਰਦੂਸ਼ਣ ਦੇ ਰੂਪ ਵਿੱਚ ਰਾਵਣ ਦੇ ਪੁਤਲੇ 'ਤੇ ਤੀਰ ਮਾਰਿਆ। ਇਸ ਦੌਰਾਨ ਲਵਕੁਸ਼ ਰਾਮਲੀਲਾ ਕਮੇਟੀ ਦੇ ਜਨਰਲ ਸਕੱਤਰ ਅਰਜੁਨ ਕੁਮਾਰ ਅਤੇ ਸੀਟੀਆਈ ਦੇ ਬ੍ਰਿਜੇਸ਼ ਗੋਇਲ ਵੀ ਮੌਜੂਦ ਸਨ।
'ਪ੍ਰਦੂਸ਼ਣ ਮੁਕਤ ਦੁਸਹਿਰਾ ਮਨਾਓ'
ਮਨੀਸ਼ ਸਿਸੋਦੀਆ ਨੇ ਕਿਹਾ ਕਿ ਪ੍ਰਦੂਸ਼ਣ ਅਤੇ ਕੋਰੋਨਾ ਅੱਜ ਦੀਆਂ ਬੁਰਾਈਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਘੱਟੋ ਘੱਟ ਪ੍ਰਦੂਸ਼ਣ ਪੈਦਾ ਕਰੀਏ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਲਵਕੁਸ਼ ਰਾਮਲੀਲਾ ਕਮੇਟੀ ਇਸ ਸਾਲ ਪ੍ਰਦੂਸ਼ਣ ਰਹਿਤ ਦੁਸਹਿਰਾ ਮਨਾ ਰਹੀ ਹੈ। ਉਪ ਮੁੱਖ ਮੰਤਰੀ ਨੇ ਇਸ ਮੌਕੇ ਸਾਰੇ ਦਿੱਲੀ ਵਾਸੀਆਂ ਨੂੰ ਵਿਜੇਦਸ਼ਮੀ ਦੀ ਵਧਾਈ ਵੀ ਦਿੱਤੀ।