ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਮਵਾਰ ਤੋਂ ਦਿੱਲੀ ਵਿੱਚ 10 ਐਂਬੂਲੈਂਸਾਂ ਸ਼ੁਰੂ ਕਰਨ ਅਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਬਾਲਾ ਪ੍ਰੀਤਮ ਦਵਾਖਾਨਾ' ਖੋਲ੍ਹਣ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ 'ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ 10 ਐਂਬੂਲੈਂਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਇਨ੍ਹਾਂ ਵਿੱਚੋਂ 5 ਐਂਬੂਲੈਂਸ ਦਿੱਲੀ ਦੇ ਪੰਜ ਕੋਨਿਆਂ ਵਿੱਚ ਹਾਜ਼ਰ ਰਹਿਣਗੀਆਂ। ਈਸਟ ਦਿੱਲੀ ਤੋਂ ਇਲਾਵਾ ਸੈਂਟਰਲ ਦਿੱਲੀ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਵੈਸਟ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਵਿਖੇ, ਸਾਊਥ ਦਿੱਲੀ ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅਤੇ ਨਾਰਥ ਦਿੱਲੀ ਵਿੱਚ ਗੁਰਦੁਆਰਾ ਨਾਨਕ ਪਿਆਊ ਵਿਖੇ ਇਹ ਐਂਬੂਲੈਂਸਾਂ ਖੜੀਆਂ ਰਹਿਣਗੀਆਂ ਤੇ ਲੋੜ ਪੈਣ 'ਤੇ ਤੁਰੰਤ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਲਈ ਸੇਵਾਵਾਂ ਦੇਣਗੀਆਂ। ਇਨ੍ਹਾਂ ਐਂਬੂਲੈਂਸਾਂ ਦੀਆਂ ਸੇਵਾਵਾਂ ਲੈਣ ਲਈ ਮੋਬਾਈਲ ਨੰਬਰ ਜਾਰੀ ਕੀਤੇ ਜਾਣਗੇ, ਜਿਸ 'ਤੇ ਫੋਨ ਕਰਕੇ ਮਰੀਜ਼ ਇਨ੍ਹਾਂ ਐਂਬੂਲੈਂਸਾਂ ਤੋਂ ਸੇਵਾ ਪ੍ਰਾਪਤ ਕਰ ਸਕਦਾ ਹੈ।