ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਲਈ ਹੋਣ ਵਾਲੀਆਂ ਚੋਣਾਂ ਲਈ ਬਹੁਤ ਘੱਟ ਸਮਾਂ ਰਹਿ ਗਿਆ ਹੈ। ਪਿਛਲੇ ਦਿਨੀਂ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਸਿਰਸਾ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਹੁਣ ਸਿਰਸਾ ਨੇ ਜੀਕੇ 'ਤੇ ਭ੍ਰਿਸ਼ਟਾਚਾਰ ਦੀ ਸਜ਼ਾ ਤੋਂ ਬਚਣ ਲਈ ਸਰਨਾ ਧੜੇ ਨਾਲ ਹੱਥ ਮਿਲਾਉਣ ਦਾ ਦੋਸ਼ ਲਗਾਇਆ ਹੈ।
ਸੋਮਵਾਰ ਨੂੰ ਰਕਾਬਗੰਜ ਸਥਿਤ ਡੀਐਸਜੀਐਮਸੀ ਦੇ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਮੇਟੀ ਦੇ ਪ੍ਰਧਾਨਾਂ 'ਤੇ ਕੋਰਟ ਨੇ ਸਵਾਲ ਚੁੱਕੇ ਹੋਣ। ਜੀਕੇ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਆਏ ਅਤੇ ਹੁਣ ਉਨ੍ਹਾਂ ਦੋਸ਼ਾਂ ਤੋਂ ਬਚਣ ਲਈ ਪਰਮਜੀਤ ਸਰਨਾ ਨਾਲ ਹੱਥ ਮਿਲਾਇਆ ਗਿਆ ਹੈ।