ਨਵੀਂ ਦਿੱਲੀ: ਸ਼ਾਲੀਮਾਰ ਬਾਗ਼ ਵਿੱਚ ਮੁਗਲ ਰਾਜੇ ਔਰੰਗਜ਼ੇਬ ਦੀ ਤਾਜਪੋਸ਼ੀ ਵਾਲੀ ਜਗ੍ਹਾ ਦੇ ਸੁੰਦਰੀਕਰਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਰੋਧ ਕਰ ਰਹੇ ਹਨ।
ਕਮੇਟੀ ਪ੍ਰਧਾਨ ਦਾ ਕਹਿਣਾ ਹੈ ਕਿ ਔਰੰਗਜ਼ੇਬ ਇਕ ਜ਼ਾਲਿਮ ਰਾਜਾ ਸੀ ਜਿਸ ਕਰਕੇ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਰਵਾਇਆ ਗਿਆ ਸੀ ਅਤੇ ਧਰਮ ਪਰਿਵਰਤਨ ਕੀਤਾ ਗਿਆ ਸੀ। ਅਜਿਹੇ ਇਨਸਾਨ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ, ਉਨਾਂ ਬੇਕਸੂਰੇ ਲੋਕਾਂ ਨਾਲ ਨਾਇਨਸਾਫ਼ੀ ਹੋਵੇਗੀ ਅਤੇ ਦਿੱਲੀ ਕਮੇਟੀ ਇਸ ਦੇ ਖਿਲਾਫ਼ ਜੇ ਜ਼ਰੂਰਤ ਪਈ ਤਾਂ ਸੜਕਾਂ ਤੇ ਵੀ ਉੱਤਰੇਗੀ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਦਿੱਲੀ ਦੇ ਔਰੰਗਜ਼ੇਬ ਰੋਡ 'ਤੇ ਲੱਗੇ ਸਾਈਨ ਬੋਰਡ ਤੇ ਸਿਰਸਾ ਨੇ ਕਾਲਖ ਮਲ੍ਹੀ ਸੀ।
ਕਰੋੜਾਂ ਦਾ ਖ਼ਰਚਾ
ਜ਼ਿਕਰਯੋਗ ਹੈ ਕਿ ਆਰਕੇਲੋਜੀਕਲ ਸਰਵੇ ਆਫ਼ ਇੰਡੀਆ ਵੱਲੋਂ ਔਰੰਗਜੇਬ ਦੀ ਤਾਜਪੋਸ਼ੀ ਵਾਲੀ ਥਾਂ ਦੇ ਸੁੰਦਰੀਕਰਨ ਲਈ ਪ੍ਰਾਜੈਕਟ ਤਿਆਰ ਕੀਤਾ ਜਾ ਚੁੱਕਾ ਹੈ ਅਤੇ 70 ਲੱਖ ਰੁਪਏ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ ਵੀ ਮਨਜ਼ੂਰ ਹੋ ਚੁੱਕੀ ਹੈ। ਪ੍ਰੋਜੈਕਟ 'ਤੇ ਲੱਗਭਗ ਦੋ ਤੋਂ ਪੰਜ ਕਰੋੜ ਰੁਪਏ ਦਾ ਖਰਚਾ ਆਵੇਗਾ।
ਇੰਝ ਹੋਵੇਗਾ ਨਵੀਨੀਕਰਨ
ਇਸ ਪ੍ਰੋਜੈਕਟ ਤਹਿਤ ਪੁਰਾਣੇ ਫੁਹਾਰੇ ਨੂੰ ਸੁੰਦਰ ਬਣਾਇਆ ਜਾਵੇਗਾ। ਲਾਲ ਪੱਥਰ ਦੀਆਂ ਨਵੀਆਂ ਇੱਟਾਂ ਲਗਾਈਆਂ ਜਾਣਗੀਆਂ ਅਤੇ ਪਾਣੀ ਦੇ ਨਵੇਂ ਫ਼ੁਹਾਰੇ ਵੀ ਲਗਾਏ ਜਾਣਗੇ।
ਇਤਿਹਾਸ
ਇਸ ਜਗ੍ਹਾ 'ਤੇ 1658 ਵਿੱਚ ਔਰੰਗਜ਼ੇਬ ਦਾ ਰਾਜਤਿਲਕ ਹੋਇਆ ਸੀ ਅਤੇ ਸਮੇਂ ਦੇ ਨਾਲ ਇਸ ਜਗ੍ਹਾ ਦਾ ਕਾਫੀ ਨੁਕਸਾਨ ਹੋਇਆ ਹੈ। 1983 ਵਿੱਚ ਆਰਕੇਲੋਜੀਕਲ ਸਰਵੇ ਆਫ ਇੰਡੀਆ ਨੇ ਇਸ ਜਗ੍ਹਾ ਨੂੰ ਆਪਣੇ ਮਹਿਕਮੇ ਹੇਠਾਂ ਲੈ ਲਿਆ ਸੀ ਅਤੇ ਇਸ ਦੀ ਉਸਾਰੀ 17ਵੀਂ ਸ਼ਤਾਬਦੀ ਵਿੱਚ ਮੁਗਲ ਰਾਜੇ ਸ਼ਾਹਜਹਾਂ ਵੱਲੋਂ ਕਰਵਾਈ ਗਈ ਸੀ।