ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੇ ਆਪਣੇ ਕਾਲਜਾਂ ਵਿਚ ਨਵਾਂ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਦਾਖ਼ਲੇ ਦੇ ਪਹਿਲੇ ਸਾਲ ਵਿਚ 10 ਰੁੱਖ ਲਾਉਣੇ ਜ਼ਰੂਰੀ ਕਰ ਦਿੱਤੇ ਹਨ।
ਦਿੱਲੀ ਕਮੇਟੀ ਵਾਤਾਵਰਣ ਲਈ ਹੋਈ ਫ਼ਿਕਰਮੰਦ, ਕੀਤੀ ਨਵੀਂ ਮੁਹਿੰਮ ਦੀ ਸ਼ੁਰੂਆਤ - ਦਿੱਲੀ
ਦਿੱਲੀ ਵਿਚ ਹਰ ਤਰ੍ਹਾਂ ਦਾ ਪ੍ਰਦੂਸ਼ਣ-ਹਵਾ, ਪਾਣੀ ਤੇ ਆਵਾਜ਼ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਤੇ ਨਤੀਜੇ ਵਜੋਂ ਦਿੱਲੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਹੋ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਦੂਸ਼ਣ ਤੋਂ ਬਚਾਉਣ ਤੇ ਵਾਤਾਵਰਣ 'ਚ ਤਬਦੀਲੀਆਂ ਕਰਨ ਲਈ 'ਰੁੱਖ ਲਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਡੀਐੱਸਜੀਐੱਮਸੀ ਨੇ ਆਪਣੇ ਕਾਲਜਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਰੁੱਖ ਲਾਉਣੇ ਲਾਜ਼ਮੀ ਕਰ ਦਿੱਤੇ ਹਨ।
ਇਸ ਬਾਰੇ ਡੀਐੱਸਜੀਐੱਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਸਕੀਮ ਤਹਿਤ ਹਰ ਸਾਲ ਔਸਤਨ 55000 ਨਵੇਂ ਰੁੱਖ ਲਗਾਏ ਜਾ ਸਕਣਗੇ। ਉੁਨ੍ਹਾਂ ਕਿਹਾ ਕਿ ਵਿਦਿਆਰਥੀ ਰੁੱਖ ਲਾਉਣ ਦੇ ਨਾਲ-ਨਾਲ ਇਨ੍ਹਾਂ ਦੇ ਵਿਕਾਸ ਦੀ ਰਿਪੋਰਟ ਤਸਵੀਰਾਂ/ਵੀਡੀਓ ਸਮੇਤ ਆਪਣੇ ਕਾਲਜ ਦੇ ਪ੍ਰਿੰਸੀਪਲ ਕੋਲ ਤਸਵੀਰਾਂ/ਵੀਡੀਓ ਸਮੇਤ ਜਮ੍ਹਾ ਕਰਵਾਉਣਗੇ।
ਸਿਰਸਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਖਿਆ ਜਾਵੇਗਾ ਕਿ ਉਹ ਆਪਣੇ ਘਰਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਪ੍ਰਬੰਧ (ਰੇਨ ਵਾਟਰ ਹਾਰਵੈਸਟਿੰਗ) ਵੀ ਕਰਨ ਅਤੇ ਇਸਦੀ ਰਿਪੋਰਟ ਵੀ ਤਸਵੀਰਾਂ/ਵੀਡੀਓ ਸਮੇਤ ਆਪਣੇ ਪ੍ਰਿੰਸੀਪਲ ਕੋਲ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਇਹ ਯਕੀਨੀ ਬਣਾਉਣਗੇ ਕਿ ਹਰ ਵਿਦਿਆਰਥੀ ਡੀਐੱਸਜੀਐੱਮਸੀ ਵੱਲੋਂ ਸ਼ੁਰੂ ਕੀਤੀ ਇਸ 'ਰੁੱਖ ਲਾਓ ਮੁਹਿੰਮ' ਵਿਚ ਭਾਗ ਲਵੇਗਾ।