ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੀੜ੍ਹਤ ਮਰੀਜ਼ਾਂ ਦਾ ਇਲਾਜ ਕਰ ਰਹੇ ਕਈ ਡਾਕਟਰ ਵੀ ਕੋਰੋਨਾ ਦੀ ਲਪੇਟ 'ਚ ਆਏ ਹਨ। ਇਸ ਤੋਂ ਬਚਾਅ ਲਈ ਡਿਫੈਂਸ ਰਿਸਰਚ ਅਤੇ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਇੱਕ ਬਾਡੀ ਸੂਟ ਬਣਾਇਆ ਹੈ ਜੋ ਡਾਕਟਰਾਂ ਤੇ ਹੋਰ ਹੈਲਥ ਵਰਕਰਾਂ ਨੂੰ ਇੱਕ ਸੂਟ ਤਿਆਰ ਕੀਤਾ ਹੈ।
DRDO ਨੇ ਕਿਹਾ ਕਿ ਬਾਡੀ ਸੂਟ ਡਾਕਟਰਾਂ, ਮੈਡੀਕਲ ਸਟਾਫ਼ ਤੇ ਸਫ਼ਾਈ ਕਰਮਚਾਰੀਆਂ ਦੀ ਵੀ ਰੱਖਿਆ ਕਰੇਗਾ।
DRDO ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਇਹ ਬਾਡੀ ਸੂਟ ਹੋਰ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਦਾ ਹੀ ਤਿਆਰ ਕੀਤਾ ਹੋਇਆ ਪਰ ਹੁਣ ਇਸ ਨੂੰ ਫੁੱਲ ਬਾਡੀ ਸੂਟ 'ਚ ਬਦਲ ਦਿੱਤਾ ਗਿਆ ਹੈ। ਇਸ ਸੂਟ ਨੂੰ ਧੋਇਆ ਜਾ ਸਕਦਾ ਹੈ। ਇਸ ਨੂੰ DRDO ਤੇ ਹੋਰ ਏਜੰਸੀਆਂ ਵੱਲੋਂ ਟੈਸਟ ਵੀ ਕੀਤਾ ਗਿਆ ਹੈ।
ਸੂਟ ਦੀ ਕੀਮਤ ਸੱਤ ਹਜ਼ਾਰ ਰੁਪਏ ਹੈ। ਫਰੰਟੀਅਰ ਪ੍ਰੋਟੈਕਟਿਵ ਪ੍ਰਾਈਵੇਟ ਲਿਮਿਟੇਡ ਤੇ ਮੈਡੀਕਿਟ ਪ੍ਰਾਈਵੇਟ ਲਿਮਿਟੇਡ ਰੋਜ਼ਾਨਾ 10 ਹਜ਼ਾਰ ਸੂਟ ਤਿਆਰ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਮਲਟੀਪਲ ਵੈਂਟੀਲੇਟਰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। DRDO ਦਾ ਕਹਿਣਾ ਹੈ ਕਿ ਇਕ ਹਫ਼ਤੇ ਚ ਵੈਂਟੀਲੇਟਰ ਤਿਆਰ ਕਰ ਲਏ ਜਾਣਗੇ। ਇੱਕ ਮਹੀਨੇ ਤੱਕ 5 ਹਜ਼ਾਰ ਵੈਂਟੀਲੇਟਰ ਬਣਾਏ ਜਾਣਗੇ।
DRDO ਨੇ ਇੱਕ ਖ਼ਾਸ ਮਾਸਕ N99 ਵੀ ਤਿਆਰ ਕੀਤਾ ਹੈ ਜਿਸ ਦੀਆਂ ਪੰਜ ਲੇਅਰ ਹੋਣਗੀਆਂ। ਮੁੰਬਈ ਦੀ ਵੀਨਸ ਇੰਡਸਟਰੀ ਤੇ ਕੋਲਕਾਤਾ ਦੀ IMTEC ਅਜਿਹੇ 10,000 ਮਾਸਕ ਪ੍ਰਤੀ ਦਿਨ ਬਣਾ ਰਹੀ ਹੈ।
DRDO ਨੇ ਹੈਂਡ ਸੈਨੇਟਾਈਜ਼ਰ ਵੀ ਬਣਾਇਆ ਹੈ। ਇਸ ਚੋਂ 4000 ਲੀਟਰ ਸੈਨੇਟਾਈਜ਼ਰ ਸੁਰੱਖਿਆ ਬਲਾਂ, 1500 ਲੀਟਰ ਰੱਖਿਆ ਮੰਤਰਾਲੇ, 300 ਲੀਟਰ ਸੰਸਦ ਤੇ 500 ਲੀਟਰ ਹੋਰ ਸੁਰੱਖਿਆ ਸੰਸਥਾਨਾਂ ਤੇ ਉੱਚ ਦਫ਼ਤਰਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। DRDO ਵੱਲੋਂ ਤਿਆਰ ਕੀਤੇ ਸੈਨੇਟਾਈਜ਼ਰ ਦੀ ਕੀਮਤ 20 ਰੁਪਏ ਪ੍ਰਤੀ ਲੀਟਰ ਹੈ।