ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਪਲਾਜ਼ਮਾ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ। ਏਮਜ਼ ਅਤੇ ਦਿੱਲੀ ਪੁਲਿਸ ਨੇ ਮਿਲ ਕੇ ਇਸ ਮੁਹਿੰਮ ਦਾ ਆਯੋਜਨ ਕੀਤਾ ਹੈ। ਇਸ ਮੌਕੇ ਕੋਵਿਡ-19 ਮਹਾਂਮਾਰੀ 'ਤੇ ਜਿੱਤ ਹਾਸਲ ਕਰਨ ਵਾਲੇ ਦਿੱਲੀ ਪੁਲਿਸ ਦੇ 26 ਮੁਲਾਜ਼ਮਾਂ ਨੇ ਪਲਾਜ਼ਮਾ ਦਾਨ ਕੀਤਾ।
ਇਸ ਮੌਕੇ ਡਾ. ਹਰਸ਼ਵਰਧਨ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਉੱਚੀ ਹੋਣ ਦੇ ਬਾਵਜੂਦ ਸਿਹਤਮੰਦ ਲੋਕਾਂ ਵੱਲੋਂ ਪਲਾਜ਼ਮਾ ਦਾਨ ਕਰਨ ਵਾਲਿਆ ਦੀ ਗਿਣਤੀ ਨਹੀਂ ਵਧੀ।
ਹਰਸ਼ਵਰਧਨ ਨੇ ਆਖਿਆ ਕਿ ਇਹ ਬੇਹਦ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਦਿੱਲੀ ਪੁਲਿਸ ਦੇ ਇੱਕ ਦਰਜਨ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਦੇ ਬਾਵਜੂਦ ਦਿੱਲੀ ਪੁਲਿਸ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਬਹੁਤ ਵਧੀਆ ਕੰਮ ਕਰ ਰਹੀ ਹੈ।