ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਦੌਰੇ 'ਤੇ ਭਾਰਤ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਉਨ੍ਹਾਂ ਨਾਲ ਹੋਣਗੇ। ਉਹ 24 ਫਰਵਰੀ ਨੂੰ ਭਾਰਤ ਆਉਣਗੇ ਤੇ ਫਿਰ ਅਹਿਮਦਾਬਾਦ ਤੇ ਦਿੱਲੀ ਵੀ ਜਾਣਗੇ।
ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਸੰਬੋਧਨ ਕਰ ਸਕਦੇ ਹਨ। ਇਹ ਪ੍ਰੋਗਰਾਮ ਮੋਟੇਰਾ ਸਟੇਡੀਅਮ ਵਿੱਚ ਰੱਖਿਆ ਜਾਵੇਗਾ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਦੱਸਿਆ ਜਾ ਰਿਹਾ ਹੈ। ਭਾਰਤ ਦੌਰੇ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਟਰੰਪ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪੀਐੱਮ ਮੋਦੀ ਤੇ ਫੇਸਬੁੱਕ ਦੇ CEO ਮਾਰਕ ਜੁਕਰਬਰਗ ਦਾ ਜ਼ਿਕਰ ਕੀਤਾ ਹੈ।
ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਲਿਖਿਆ, 'ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ। ਮਾਰਕ ਜੁਕਰਬਰਗ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਡੋਨਾਲਡ ਟਰੰਪ ਫੇਸਬੁੱਕ ਉੱਤੇ ਨੰਬਰ 1 ਹੈ, ਤੇ ਦੂਜੇ ਨੰਬਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਦਰਅਸਲ, ਮੈਂ ਅਗਲੇ ਦੋ ਹਫ਼ਤਿਆਂ ਵਿੱਚ ਭਾਰਤ ਜਾ ਰਿਹਾ ਹਾਂ। ਭਾਰਤ ਦੌਰੇ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਇਸ ਮਹੀਨੇ ਆਪਣੀ ਪਹਿਲੀ ਭਾਰਤ ਫੇਰੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਸਮਝੌਤੇ ‘ਤੇ ਦਸਤਖ਼ਤ ਹੋ ਸਕਦੇ ਹਨ। ਮੋਦੀ ਨੇ ਬੁੱਧਵਾਰ ਨੂੰ ਆਪਣੇ ਟਵੀਟ ਵਿੱਚ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦਾ ਦੌਰਾ ਖ਼ਾਸ ਹੈ, ਤੇ ਇਹ ਦੌਰਾ ਅਮਰੀਕਾ ਤੇ ਭਾਰਤ ਵਿਚਕਾਰ ਚੰਗੇ ਸਬੰਧ ਬਣਾਉਣ ਲਈ ਇੱਕ ਚੰਗਾ ਕਦਮ ਸਾਬਿਤ ਹੋਵੇਗਾ।