ਰੱਖਿਆ ਮੰਤਰਾਲੇ 'ਚੋਂ ਰਾਫ਼ੇਲ ਸੌਦੇ ਦੀ ਖ਼ਰੀਦ ਦੇ ਦਸਤਾਵੇਜ਼ ਹੋਏ ਚੋਰੀ: ਅਟਾਰਨੀ ਜਨਰਲ - attoney general k.k. venugopal
ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਫ਼ੇਲ ਹਵਾਈ ਜਹਾਜ਼ ਸੌਦੇ ਸਬੰਧੀ ਕੁੱਝ ਦਸਤਾਵੇਜ਼ ਰੱਖਿਆ ਮੰਤਰਾਲੇ ਵਿੱਚੋਂ ਚੋਰੀ ਹੋਏ ਹਨ।
ਨਵੀਂ ਦਿੱਲੀ: ਰਾਫ਼ੇਲ ਹਵਾਈ ਜਹਾਜ਼ ਸੌਦੇ ਦੇ ਮਾਮਲੇ 'ਚ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਦੀ ਖ਼ਰੀਦ ਸਬੰਧੀ ਕੁੱਝ ਦਸਤਾਵੇਜ਼ ਰੱਖਿਆ ਮੰਤਰਾਲੇ ਵਿੱਚੋਂ ਚੋਰੀ ਹੋ ਗਏ ਹਨ ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਇਸ ਦਾ ਪ੍ਰਗਟਾਵਾ ਅਟਾਰਨੀ ਜਨਰਲ ਨੇ ਰਾਫ਼ੇਲ ਮਾਮਲੇ ਸਬੰਧੀ ਸੁਪਰੀਮ ਕੋਰਟ ’ਚ ਦਾਖ਼ਲ ਹੋਈਆਂ ਨਜ਼ਰਸਾਨੀ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕੀਤਾ। ਅਟਾਰਨੀ ਜਨਰਲ ਨੇ ਕਿਹਾ ਕਿ ਸੌਦੇ ਸਬੰਧੀ ਦਸਤਾਵੇਜ਼ ਰੱਖਿਆ ਮੰਤਰਾਲੇ ਵਿੱਚੋਂ ਕਿਸੇ ਮੌਜੂਦਾ ਜਾਂ ਸਾਬਕਾ ਮੁਲਾਜ਼ਮ ਵੱਲੋਂ ਚੋਰੀ ਕੀਤੇ ਗਏ ਹਨ।
ਅਟਾਰਨੀ ਜਨਰਲ ਨੇ ਇਹ ਵੀ ਕਿਹਾ ਕਿ ਜੇ ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਕੋਲ ਗਈ ਤਾਂ ਦੇਸ਼ ਨੂੰ ਇਸ ਦਾ ਭਾਰੀ ਨੁਕਸਾਨ ਹੋਵੇਗਾ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2016 'ਚ ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਲਈ ਫ਼ਰਾਂਸ ਨਾਲ ਇੱਕ ਸਮਝੌਤਾ ਕੀਤਾ ਸੀ। ਫ਼ਰੈਂਚ ਫ਼ਰਮ ‘ਦਸੌਲਟ ਏਵੀਏਸ਼ਨ’ ਨਾਲ ਕੀਤੇ 59,000 ਕਰੋੜ ਰੁਪਏ ਦੇ ਸੌਦੇ ਅਧੀਨ ਭਾਰਤ ਨੂੰ 36 ਰਾਫ਼ੇਲ ਜੰਗੀ ਜੈੱਟ ਹਵਾਈ ਜਹਾਜ਼ ਸਪਲਾਈ ਕੀਤੇ ਜਾਣੇ ਹਨ।