ਕੋਲਕਾਤਾ: ਪੱਛਮੀ ਬੰਗਾਲ 'ਚ ਸੱਤਵੇਂ ਦਿਨ ਵੀ ਜੂਨੀਅਨ ਡਾਕਟਰਾਂ ਦੀ ਹੜਤਾਲ ਜਾਰੀ ਹੈ ਜਿਸ ਕਾਰਨ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਓਪੀਡੀ ਬੰਦ ਹਨ ਅਤੇ ਮਰੀਜ਼ ਪ੍ਰਭਾਵਿਤ ਹੋ ਰਹੇ ਹਨ। ਇਸੇ ਵਿਚਕਾਰ ਮੁੱਖ ਮੰਤਰੀ ਮਮਤਾ ਬੈਨਰਜੀ ਨਾਰਾਜ਼ ਡਾਕਟਰਾਂ ਨੂੰ ਮਿਲਣ ਲਈ ਪੁੱਜੀ।
ਹੜਤਾਲ ਕਰ ਰਹੇ ਡਾਕਟਰਾਂ ਅਤੇ ਮੁੱਖ ਮੰਤਰੀ ਦੀ ਸਕੱਤਰੇਤ ਵਿੱਚ ਬੈਠਕ ਹੋਈ। ਇਸ ਦੌਰਾਨ ਮਮਤਾ ਬੈਨਰਜੀ ਹਰ ਮੈਡੀਕਲ ਕਾਲਜ ਦੇ ਦੋ-ਦੋ ਪ੍ਰਤੀਨਿਧੀਆਂ ਨੂੰ ਮਿਲੀ। ਬੈਠਕ ਦੌਰਾਨ ਮੁੱਖ ਮੰਤਰੀ ਨੇ ਡਾਕਟਰਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਅਤੇ ਹਰ ਹਸਪਤਾਲ ਵਿੱਚ ਇੱਕ ਨੋਡਲ ਪੁਲਿਸ ਅਧਿਕਾਰੀ ਤਾਇਨਾਤ ਕਰਨ ਦੇ ਹੁਕਮ ਦਿੱਤੇ। ਮਮਤਾ ਬੈਨਰਜੀ ਨੇ ਸਰਕਾਰੀ ਹਸਪਤਾਲਾਂ 'ਚ ਸ਼ਿਕਾਇਤ ਸੈੱਲ ਸਥਾਪਤ ਕਰਨ ਲਈ ਡਾਕਟਰਾਂ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ:ਹੜਤਾਲੀ ਡਾਕਟਰ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਹੋਏ ਤਿਆਰ
ਜ਼ਿਕਰਯੋਗ ਹੈ ਕਿ 10 ਜੂਨ ਨੂੰ ਨੀਲ ਰਤਨ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਇੱਕ 75 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵਿੱਚ ਗੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਡਾਕਟਰਾਂ ਨੂੰ ਗਾਲ਼ਾ ਕੱਢੀਆਂ। ਇਸ 'ਤੇ ਡਾਕਟਰਾਂ ਨੇ ਪਰਿਵਾਰ ਵਾਲਿਆਂ ਦੇ ਮੁਆਫ਼ੀ ਨਾ ਮੰਗਣ ਤੱਕ ਪ੍ਰਮਾਣ ਪੱਤਰ ਨਹੀਂ ਦੇਣ ਬਾਰੇ ਕਿਹਾ।
ਇਸ ਮਾਮਲੇ ਵਿੱਚ ਫਿਰ ਹਿੰਸਾ ਭੜਕ ਗਈ ਅਤੇ ਕੁਝ ਹੀ ਦੇਰ ਬਾਅਦ ਹਥਿਆਰਾਂ ਨਾਲ ਭੀੜ ਨੇ ਡਾਕਟਰਾਂ 'ਤੇ ਹਮਲਾ ਕਰ ਦਿੱਤਾ। ਇਸ ਵਿਚ ਦੋ ਜੂਨੀਅਰ ਡਾਕਟਰ ਗੰਭੀਰ ਜ਼ਖ਼ਮੀ ਹੋਏ ਸਨ ਜਦਕਿ ਕਈ ਹੋਰਾਂ ਨੂੰ ਵੀ ਸੱਟਾਂ ਵੱਜੀਆਂ ਸਨ। ਇਸ ਪੂਰੇ ਮਾਮਲੇ 'ਤੇ ਮਮਤਾ ਬੈਨਰਜੀ ਨੇ ਹੜਤਾਲ ਵਾਲੇ ਡਾਕਟਰਾਂ ਦੀ ਨਿਖੇਧੀ ਕੀਤੀ ਤਾਂ ਇਹ ਮਾਮਲਾ ਹੋਰ ਭੜਕ ਗਿਆ।