ਭੋਪਾਲ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀਆਂ ਦਿਗਵਿਜੈ ਸਿੰਘ ਅਤੇ ਕਮਲ ਨਾਥ ਨੇ ਸ਼ਨੀਵਾਰ ਨੂੰ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਜੋ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ, ਦੀ ਜਲਦੀ ਸਿਹਤਯਾਬੀ ਕਾਮਨਾ ਕੀਤੀ।
ਕਮਲ ਨਾਥ ਨੇ ਇੱਕ ਟਵੀਟ ਵਿੱਚ ਕਿਹਾ, “ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੀਮਾਰ ਹਨ। ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਹੈ।”
ਦਿਗਵਿਜੈ ਸਿੰਘ ਨੇ ਚੌਹਾਨ ਦੀ ਜਲਦੀ ਸਿਹਤਯਾਬੀ ਦੀ ਇੱਛਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਚਾਹੀਦਾ ਸੀ।
ਦਿਗਵਿਜੈ ਸਿੰਘ ਨੇ ਟਵੀਟ ਕਰਦਿਆਂ ਕਿਹਾ, “ਜਾਣ ਕੇ ਦੁੱਖ ਹੋਇਆ ਕਿ ਸ਼ਿਵਰਾਜ ਜੀ... ਤੁਹਾਨੂੰ ਕੋਰੋਨਾ ਦੀ ਲਾਗ ਲੱਗ ਗਈ। ਰੱਬ ਤੁਹਾਨੂੰ ਜਲਦੀ ਠੀਕ ਕਰੇ। ਤੁਹਾਨੂੰ ਸਮਾਜਕ ਦੂਰੀ ਦਾ ਧਿਆਨ ਰੱਖਣਾ ਚਾਹੀਦਾ ਸੀ ਜੋ ਤੁਸੀਂ ਨਹੀਂ ਕੀਤਾ। ਭੋਪਾਲ ਪੁਲਿਸ ਨੇ ਮੇਰੇ ਖਿਲਾਫ ਐਫਆਈਆਰ ਦਰਜ ਕੀਤੀ ਸੀ, ਉਹ ਤੁਹਾਡੇ ਵਿਰੁੱਧ ਅਜਿਹਾ ਕਿਵੇਂ ਕਰਦੇ। ਅੱਗੇ ਕਿਰਪਾ ਕਰਕੇ ਧਿਆਨ ਰੱਖੋ।“
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨੀਵਾਰ ਨੂੰ ਟਵੀਟ ਕਰ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। 61 ਸਾਲਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੀਆਂ ਗਾਈਡਲਾਈਨਜ਼ ਦਾ ਪਾਲਣ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵੀ ਆਪਣਾ ਧਿਆਨ ਰੱਖਣ ਲਈ ਕਿਹਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ 7,553 ਐਕਟਿਵ ਮਾਮਲੇ ਹਨ, 17,866 ਦਾ ਇਲਾਜ ਹੋ ਗਿਆ ਹੈ ਤੇ 791 ਮੌਤਾਂ ਹੋਈਆਂ ਹਨ।