ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿੱਚ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਹਵਾਈ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਨਾਲ ਘੇਰਿਆ ਹੈ।
ਦਿਗਵਿਜੈ ਸਿੰਘ ਨੇ ਮੰਗਲਵਾਰ ਸਵੇਰ ਨੂੰ ਇੱਕ ਤੋਂ ਬਾਅਦ ਇੱਕ ਟਵੀਟ ਕਰ ਮੋਦੀ ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਦਿਗਵਿਜੈ ਸਿੰਘ ਨੇ ਪਹਿਲਾ ਟਵੀਟ ਕਰਦਿਆਂ ਕਿਹਾ, "ਸਾਨੂੰ ਸਾਡੀ ਫ਼ੌਜ 'ਤੇ ਮਾਣ ਹੈ ਅਤੇ ਪੂਰਾ ਭਰੋਸਾ ਹੈ। ਫੌ਼ਜ ਵਿੱਚ ਮੈਂ ਆਪਣੇ ਕਈ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੂੰ ਵੇਖਿਆ ਹੈ ਕਿ ਕਿਵੇਂ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਾਡੀ ਸੁਰੱਖਿਆ ਕਰਦੇ ਹਨ। ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।"
ਦਿਗਵਿਜੈ ਨੇ ਅੱਗੇ ਲਿਖਿਆ, "ਪਰ ਪੁਲਵਾਮਾ ਹਾਦਸੇ ਤੋਂ ਬਾਅਦ ਸਾਡੀ ਹਵਾਈ ਫ਼ੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ 'ਤੇ ਵਿਦੇਸ਼ੀ ਮੀਡੀਆ ਵਿੱਚ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਡੀ ਭਾਰਤ ਸਰਕਾਰ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਖੜੇ ਹੋ ਰਹੇ ਹਨ।"
ਇਸ ਤੋਂ ਬਾਅਦ ਦਿਗਵਿਜੈ ਨੇ ਲਿਖਿਆ, "ਪ੍ਰਧਾਨ ਮੰਤਰੀ ਜੀ, ਤੁਹਾਡੀ ਸਰਕਾਰ ਦੇ ਕੁਝ ਮੰਤਰੀ ਕਹਿੰਦੇ ਹਨ ਕਿ 300 ਅੱਤਵਾਦੀ ਮਾਰੇ ਗਏ। ਭਾਜਪਾ ਮੁਖੀ ਕਹਿੰਦੇ ਹਨ ਕਿ 250 ਮਾਰੇ ਹਨ। ਯੋਗੀ ਆਦਿਤਿਆਨਾਥ ਕਹਿੰਦੇ ਹਨ ਕਿ 400 ਮਾਰੇ ਗਏ ਤੇ ਤੁਹਾਡੇ ਮੰਤਰੀ ਐਸ.ਐਸ. ਆਹਲੂਵਾਲੀਆ ਕਹਿੰਦੇ ਹਨ ਕਿ ਇੱਕ ਵੀ ਨਹੀਂ ਮਰਿਆ ਅਤੇ ਤੁਸੀ ਇਸ ਮੁੱਦੇ ਚੁੱਪ ਹੋ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਇਸ ਵਿੱਚ ਝੂਠਾ ਕੌਨ ਹੈ।"
ਆਖਰੀ ਟਵੀਟ ਵਿੱਚ ਦਿਗਵਿਜੈ ਨੇ ਸਵਾਲ ਕੀਤਾ, "ਤੁਸੀਂ, ਤੁਹਾਡੇ ਸੀਨੀਅਰ ਆਗੂ ਤੇ ਭਾਜਪਾ ਫ਼ੌਜ ਦੀ ਸਫ਼ਲਤਾ ਨੂੰ ਜਿਸ ਤਰ੍ਹਾਂ ਸਿਰਫ਼ ਆਪਣੀ ਸਫ਼ਲਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਾਡੇ ਦੇਸ਼ ਦੇ ਸੁਰੱਖਿਆ ਕਰਮੀਆਂ ਦੀ ਬਹਾਦਰੀ ਤੇ ਸਮਰਪਣ ਦਾ ਨਿਰਾਦਰ ਹੈ। ਦੇਸ਼ ਦਾ ਹਰ ਨਾਗਰਿਕ ਭਾਰਤੀ ਫ਼ੌਜ ਤੇ ਸਾਰੇ ਸੁਰੱਖਿਆ ਕਰਮੀਆਂ ਦਾ ਸਨਮਾਨ ਕਰਦਾ ਹੈ।"