ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸਤ ਦੀ ਪੂਰੀ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ। ਕੋਰਟ ਵੱਲੋਂ ਕਲ੍ਹ ਬਹੁਮਤ ਪਰੀਖਣ ਸਾਬਤ ਕਰਨ ਦੇ ਐਲਾਨ ਤੋਂ ਬਾਅਦ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚਾਰ ਦਿਨਾਂ ਚੱਲੀ ਫੜਨਵੀਸ ਸਰਕਾਰ ਆਪਣੇ ਵਜੂਦ ਨੂੰ ਨਹੀਂ ਸਾਂਭ ਸਕੀ।
ਫੜਨਵੀਸ ਨੇ ਕਿਹਾ ਕਿ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੂਤਵ ਹੁਣ ਸੋਨੀਆ ਗਾਂਧੀ ਦੇ ਪੈਰਾਂ ਹੇਠ ਹੈ। ਫੜਨਵੀਸ ਨੇ ਅਜੀਤ ਪਵਾਰ ਦੇ ਅਸਤੀਫ਼ੇ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਿਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈ।
ਫੜਨਵੀਸ ਨੇ ਕਿਹਾ, "ਲੋਕਾਂ ਨੇ ਸਾਡੇ ਗਠਜੋੜ ਨੂੰ ਬਹੁਮਤ ਦਿੱਤਾ ਸੀ ਅਤੇ ਭਾਜਪਾ ਨੂੰ ਸੰਪੂਰਨ ਜਨਾਦੇਸ਼ ਦਿੱਤਾ ਤੇ ਸੱਭ ਤੋਂ ਵੱਡੀ ਪਾਰਟੀ ਨੂੰ 105 ਸੀਟਾਂ ਮਿਲੀਆਂ। ਇਹ ਜਨਾਦੇਸ਼ ਭਾਜਪਾ ਲਈ ਸੀ। ਅਸੀ 70% ਸੀਟਾਂ ਜਿੱਤੀਆਂ ਸਨ। ਸ਼ਿਵਸੈਨਾ ਸਿਰਫ਼ ਆਪਣੀ 40% ਸੀਟਾਂ ਜਿੱਤ ਸਕੀ। ਇਸ ਦਾ ਸਨਮਾਨ ਕਰਦੇ ਹੋਏ ਅਸੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਗੱਲ ਕਦੇ ਤੈਅ ਨਹੀਂ ਹੋਈ ਸੀ, ਮਤਲਬ ਮੁੱਖ ਮੰਤਰੀ ਅਹੁਦਾ ਸ਼ਿਵਸੈਨਾ ਨੂੰ ਦੇਣ ਦਾ ਵਿਚਾਰ, ਉਸ ਦੀ ਗੱਲ ਹੁੰਦੀ ਰਹੀ। ਨੰਬਰ ਗੇਮ 'ਚ ਆਪਣੀ ਬਾਰਗੇਨਿੰਗ ਪਾਵਰ ਵੱਧ ਸਕਦੀ ਹੈ, ਇਹ ਸੋਚ ਕੇ ਉਨ੍ਹਾਂ ਲੋਕਾਂ ਨੇ ਮੋਲ-ਭਾਅ ਸ਼ੁਰੂ ਕੀਤਾ।