ਮੰਡੀ: ਹਿਮਾਚਲ ਦੇਵਭੂਮੀ ਹੈ ਜਿਥੇ ਭਗਵਾਨ ਸ਼ਿਵ ਦੇ ਕਈ ਧਾਮ ਹਨ। ਦੇਵਭੂਮੀ 'ਚ ਮਹਾਦੇਵ ਦਾ ਬੈਜਨਾਥ ਮੰਦਰ ਦੁਨੀਆ ਭਰ 'ਚ ਮਸ਼ਹੁਰ ਹੈ। ਭਗਵਾਨ ਸ਼ਿਵ ਦੇ ਇਸ ਮੰਦਰ ਨਾਲ ਕਈ ਮਿਥਿਹਾਸਕ ਕਹਾਣੀਆਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਕਿ ਰਾਵਣ ਨੇ ਸ਼ਿਵ ਦੀ ਕਠੋਰ ਤਪੱਸਿਆ ਕਰਦੇ ਹੋਏ 9 ਬਾਰ ਆਪਣਾ ਸਿਰ ਵੱਢਿਆ ਤੇ 10 ਵੀਂ ਬਾਰ ਭਗਵਾਨ ਸ਼ਿਵ ਨੇ ਪ੍ਰਗਟ ਹੋ ਕੇ ਰਾਵਣ ਨੂੰ ਰੋਕਿਆ। ਉਸ ਵੇਲੇ ਰਾਵਣ ਨੇ ਭੋਲੇਨਾਥ ਨੂੰ ਵੈਦਨਾਥ ਕਹਿ ਕੇ ਪੁਕਾਰਿਆ।
ਕਹਿੰਦੇ ਹਨ ਕਿ ਰਾਵਣ ਨੇ ਭਗਵਾਨ ਸ਼ਿਵ ਨੂੰ ਲੰਕਾ ਲੈ ਜਾਣ ਦਾ ਵਰਦਾਨ ਹਾਸਲ ਕੀਤਾ ਸੀ। ਵਰਦਾਨ ਦਿੰਦੇ ਹੋਏ ਭੋਲੇਨਾਥ ਨੇ ਇੱਕ ਸ਼ਿਵਲਿੰਗ ਰਾਵਣ ਨੂੰ ਦਿੰਦੇ ਹੋਏ ਕਿਹਾ ਕਿ ਇਸ ਨੂੰ ਜਿਥੇ ਇੱਕ ਬਾਰ ਸਥਾਪਤ ਕੀਤਾ ਜਾਵੇਗਾ ਮੈਂ ਉਥੇ ਹੀ ਰਹਾਂਗਾ। ਸ਼ਿਵਲਿੰਗ ਨੂੰ ਲੰਕਾ ਲੈ ਜਾਂਦੇ ਹੋਏ ਰਾਵਣ ਨੂੰ ਰਾਹ 'ਚ ਲਘੂਸ਼ੰਕਾ ਲੱਗ ਗਈ ਤੇ ਰਾਵਣ ਨੇ ਇੱਕ ਚਰਵਾਹੇ ਨੂੰ ਸ਼ਿਵਲਿੰਗ ਫੜ੍ਹਾ ਦਿੱਤੀ। ਪਰ ਚਰਵਾਹਾ ਸ਼ਿਵਲਿੰਗ ਦਾ ਭਾਰ ਜ਼ਿਆਦਾ ਦੇਰ ਤੱਕ ਸਾਂਭ ਨਹੀਂ ਪਾਇਆ ਤੇ ਸ਼ਿਵਲਿੰਗ ਨੂੰ ਉਥੇ ਹੀ ਜ਼ਮੀਨ 'ਤੇ ਰੱਖ ਦਿੱਤਾ।
ਦੇਵਭੂਮੀ ਹਿਮਾਚਲ 'ਚ ਹੈ ਭਗਵਾਨ ਸ਼ਿਵ ਦਾ 'ਬੈਜ ਧਾਮ' ਰਾਵਣ ਜਦੋਂ ਪਰਤਿਆ ਤਾਂ ਉਸਨੇ ਸ਼ਿਵਲਿੰਗ ਨੂੰ ਜ਼ਮੀਨ 'ਤੇ ਵੇਖਿਆ, ਰਾਵਣ ਨੇ ਸ਼ਿਵਲਿੰਗ ਨੂੰ ਚੁੱਕਣ ਦੀ ਲੱਖ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ ਕਿਉਂਕਿ ਭਗਵਾਨ ਸ਼ਿਵ ਨੇ ਕਿਹਾ ਸੀ ਕਿ ਲਿੰਗ ਨੂੰ ਇੱਕ ਵਾਰ ਜ਼ਮੀਨ 'ਤੇ ਰੱਖਦੇ ਹੀ ਉਹ ਸਦਾ ਲਈ ਉਥੇ ਸਥਾਪਤ ਹੋ ਜਾਵੇਗਾ। ਕਹਿੰਦੇ ਹਨ ਕਿ ਬੈਜਨਾਥ ਧਾਮ 'ਚ ਮੌਜੂਦ ਇਹ ਸ਼ਿਵਲਿੰਗ ਉਹ ਹੀ ਹੈ।
ਰਾਵਣ ਭਗਵਾਨ ਸ਼ਿਵ ਦਾ ਪਰਮ ਭਗਤ ਸੀ ਸ਼ਾਇਦ ਇਹ ਹੀ ਕਾਰਨ ਹੈ ਕਿ ਬੀਤੇ ਕਈ ਦਹਾਕਿਆਂ ਤੋਂ ਇਸ ਇਲਾਕੇ 'ਚ ਦਸ਼ਿਹਰਾ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਰਾਵਣ ਦਹਿਨ ਹੁੰਦਾ ਹੈ। ਪਹਿਲਾਂ ਇਥੇ ਵੀ ਦੇਸ਼ਭਰ ਵਾਂਗ ਦਸ਼ਹਿਰਾ ਤੇ ਰਾਵਣ ਦਹਿਨ ਹੁੰਦਾ ਸੀ ਪਰ ਜਾਨ-ਮਾਲ ਦੇ ਨੁਕਸਾਨ ਤੋਂ ਬਾਅਦ ਭਗਤ ਤੇ ਭਗਵਾਨ ਦੇ ਰਿਸ਼ਤੇ ਆਸਥਾ ਨਾਲ ਅਜਿਹੇ ਮਿਲੇ ਕਿ ਫਿਰ ਕਦੇ ਇਥੇ ਨਾ ਦਸ਼ਹਿਰਾ ਮਨਾਇਆ ਗਿਆ ਤੇ ਨਾ ਹੀ ਰਾਵਣ ਦਹਿਨ ਹੋਇਆ।
ਕਹਿੰਦੇ ਹਨ ਕਿ ਇਸ ਮੰਦਰ ਨੂੰ ਪਾਂਡਵਾ ਨੇ ਆਪਣੇ ਅਗਿਆਤਵਾਸ ਵੇਲੇ ਬਣਵਾਇਆ ਸੀ ਪਰ ਕੁਝ ਕਾਰਨਾਂ ਕਰਕੇ ਇਹ ਨਿਰਮਾਣ ਪੂਰਾ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਮੰਦਰ ਨੂੰ ਦੋ ਵਪਾਰੀ ਭਰਾਵਾਂ ਨੇ ਬਣਾਇਆ। ਬੈਜਨਾਥ ਦੇ ਆਲੇ ਦੁਆਲੇ ਕੋਈ ਵੀ ਸੁਨਾਰ ਦੀ ਦੁਕਾਨ ਨਹੀਂ ਹੈ। ਕਹਿੰਦੇ ਹਨ ਕਿ ਇਸ ਦੇ ਪਿੱਛੇ ਮਾਤਾ ਪਾਰਵਤੀ ਦਾ ਇੱਕ ਸ਼ਰਾਪ ਹੈ।
ਬੈਜਨਾਥ ਮੰਦਰ ਵਿੱਚ ਮੌਜੂਦ ਸ਼ਿਵਲਿੰਗ ਅਨੰਤ ਹੈ। ਮਾਨਤਾਵਾਂ ਦੇ ਅਨੁਸਾਰ ਮੰਡੀ ਦੇ ਰਾਜੇ ਨੇ ਇਸ ਸ਼ਿਵਲਿੰਗ ਨੂੰ ਆਪਣੇ ਨਾਲ ਲੈ ਜਾਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬਹੁਤ ਖੁਦਾਈ ਕਰਨ ਤੋਂ ਬਾਅਦ ਵੀ ਸ਼ਿਵਲਿੰਗ ਦਾ ਅੰਤ ਨਹੀਂ ਮਿਲ ਸਕਿਆ। ਜਿਸ ਤੋਂ ਬਾਅਦ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਰਾਜੇ ਨੇ ਸ਼ਿਵਲਿੰਗ ਨੂੰ ਮੱਖਣ ਨਾਲ ਸ਼ਿੰਗਾਰਿਆ। ਅਜਿਹੀਆਂ ਕਈ ਮਾਨਤਾਵਾਂ ਦੇ ਕਾਰਨ, ਭਗਤਾਂ ਨੂੰ ਬੈਜਨਾਥ ਵਿੱਚ ਵਿਸ਼ਵਾਸ ਹੈ।
ਸਤਯੁਗ ਤੋਂ ਲੈ ਕੇ ਦੁਆਪਰ ਯੁਗ ਤੱਕ ਦੀਆਂ ਮਾਨਤਾਵਾਂ ਦੇ ਚਲਦੇ ਸ਼ਿਵ ਦਾ ਇਹ ਧਾਮ ਅਟੁੱਟ ਆਸਥਾ ਦਾ ਕੇਂਦਰ ਹੈ। ਬੈਜਨਾਥ ਮੰਦਰ 'ਚ ਹਰ ਸਾਲ ਹਜ਼ਾਰਾਂ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ। ਸ਼ਿਵਰਾਤਰੀ ਤੋਂ ਲੈ ਕੇ ਸਾਵਨ ਤੇ ਤੀਜ਼ ਤਿਉਹਾਰ 'ਤੇ ਇਸ ਮੰਦਰ 'ਚ ਭਗਤਾਂ ਦੀ ਭੀੜ ਰਹਿੰਦੀ ਹੈ।