ਨਵੀਂ ਦਿੱਲੀ: ਉੱਤਰ ਭਾਰਤ ਵਿੱਚ ਠੰਡ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ ਨੇ ਵੱਡਾ ਗੋਤਾ ਖਾਦਾ ਹੈ। ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੇ ਚੱਲਦਿਆਂ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 6.9 ਦਰਜੇ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਨਵੰਬਰ 2003 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 7.5 ਦਰਜੇ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 17 ਸਾਲਾਂ ਵਿੱਚ ਇਸ ਮਹੀਨੇ ਦਾ ਸਭ ਤੋਂ ਘੱਟ ਸੀ।
ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ, "ਸਫਦਰਜੰਗ ਆਬਜ਼ਰਵੇਟਰੀ ਵਿੱਚ ਘੱਟੋ-ਘੱਟ ਤਾਪਮਾਨ 6.9 ਦਰਜੇ ਸੈਲਸੀਅਸ ਦਰਜ ਕੀਤਾ ਗਿਆ। ਨਵੰਬਰ 2003 ਤੋਂ ਬਾਅਦ ਦਿੱਲੀ ਵਿੱਚ ਇਸ ਮਹੀਨੇ ਦਾ ਇਹ ਸਭ ਤੋਂ ਘੱਟ ਤਾਪਮਾਨ ਹੈ। ਨਵੰਬਰ 2003 ਵਿੱਚ ਘੱਟੋ-ਘੱਟ ਤਾਪਮਾਨ 6.1 ਦਰਜੇ ਸੈਲਸੀਅਸ ਦਰਜ ਕੀਤਾ ਗਿਆ।" ਉਨ੍ਹਾਂ ਨੇ ਕਿਹਾ ਕਿ ਪਾਲਮ ਮੌਸਮ ਵਿਗਿਆਨ ਕੇਂਦਰ ਵਿਖੇ ਘੱਟੋ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ।