ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਦਿੱਲੀ ਪੁਲਿਸ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਵਿਦਿਆਰਥੀ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਨੇ ਉਦੋਂ ਤੱਕ ਇਮਤਿਹਾਨ ਵਿੱਚ ਨਾ ਬੈਠਣ ਦਾ ਫ਼ੈਸਲਾ ਕੀਤਾ ਹੈ ਜਦੋਂ ਤੱਕ ਪੁਲਿਸ ਵਿਰੁੱਧ ਕੇਸ ਦਰਜ ਨਹੀਂ ਹੁੰਦਾ।
ਵਿਦਿਆਰਥੀਆਂ ਦੀ ਨਾਰਾਜ਼ਗੀ ਤੋਂ ਬਾਅਦ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਸੋਮਵਾਰ ਨੂੰ ਉਨ੍ਹਾਂ ਨਾਲ ਮਿਲਣ ਲਈ ਪਹੁੰਚੀ। ਉਨ੍ਹਾਂ ਵਿਦਿਆਰਥੀਆਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਜਾਮੀਆ ਦੇ ਵਿਦਿਆਰਥੀ ਦਿੱਲੀ ਪੁਲਿਸ ਖਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘ਅਸੀਂ ਆਪਣੇ ਇਤਰਾਜ਼ ਸਰਕਾਰ ਨੂੰ ਭੇਜੇ ਹਨ, ਹੁਣ ਅਸੀਂ ਅਦਾਲਤ ਵੀ ਜਾਵਾਂਗੇ।'
ਇੱਕ ਪੱਤਰਕਾਰ 'ਤੇ ਸਵਾਲ ਚੁੱਕਦੇ ਹੋਏ ਵਾਈਸ ਚਾਂਸਲਰ ਨੇ ਕਿਹਾ, 'ਮੈਂ ਕਹਿੰਦੀ ਹਾਂ ਕਿ ਉਹ ਮੇਰਾ ਪੂਰਾ ਇੰਟਰਵਿਉ ਦਿਖਾਉਣ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਸ਼ਬਦ ਮੇਰੇ ਮੂੰਹ ਵਿੱਚ ਨਾ ਪਾਓ। ਮੈਂ ਉਹ ਹੀ ਕਹਿਣਾ ਹੈ, ਜੋ ਮੈ ਕਹਿਣਾ ਹੈ।' ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਉਨ੍ਹਾਂ ਦੇ ਕੈਂਪਸ ਵਿੱਚ ਬਿਨ੍ਹਾਂ ਇਜ਼ਾਜਤ ਆਈ ਸੀ। ਉਨ੍ਹਾਂ ਮਾਸੂਮ ਬੱਚਿਆਂ ਨੂੰ ਕੁੱਟਿਆ ਸੀ। ਉਹ ਨਿਆਂ ਦੀ ਦਿਸ਼ਾ ਵਿੱਚ ਹਰ ਕੋਸ਼ਿਸ਼ ਕਰ ਰਹੇ ਹਨ।
ਦਿੱਲੀ ਪੁਲਿਸ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦੇ ਸਵਾਲ ’ਤੇ ਵੀਸੀ ਨੇ ਕਿਹਾ, ‘ਮੈਨੂੰ ਤਾਰੀਖ਼ ਨਾ ਪੁੱਛੋ, ਜੇ ਮੈਂ ਤੁਹਾਨੂੰ ਦੱਸਿਆ ਤਾਂ ਇਹ ਹੋ ਜਾਵੇਗਾ। ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਕੁਝ ਸਮਾਂ ਦਿੱਤਾ ਜਾਵੇ। ਤੁਹਾਡੇ ਲੋਕਾਂ ਦੀ ਪ੍ਰੀਖਿਆਵਾਂ ਨੂੰ ਐਫਆਈਆਰ ਨਾਲ ਨਹੀਂ ਜੋੜ ਸਕਦੇ ਹੈ। ਅਸੀਂ ਅਦਾਲਤ ਜਾਵਾਂਗੇ ਅਤੇ ਅਸੀਂ ਅਦਾਲਤ ਦੀਆਂ ਤਰੀਕਾਂ ਦਾ ਫੈਸਲਾ ਨਹੀਂ ਕਰ ਸਕਦੇ।'ਤੁਹਾਡੇ ਲੋਕਾਂ ਦੀ ਮੰਗ 'ਤੇ ਯੂਨੀਵਰਸਿਟੀ ਖੋਲ੍ਹ ਦਿੱਤੀ ਗਈ ਸੀ। ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਚੀਫ ਪ੍ਰੌਕਟਰ ਉੱਤੇ ਕਈ ਗੰਭੀਰ ਦੋਸ਼ ਲਗਾਏ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਚੀਫ ਪ੍ਰੌਕਟਰ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਇੱਕ ਵਾਰ ਮੁੜ ਕੁੱਟਣ ਲਈ ਕਿਹਾ, ਹਾਲਾਂਕਿ ਚੀਫ਼ ਪ੍ਰੌਕਟਰ ਨੇ ਵਿਦਿਆਰਥੀਆਂ ਦੇ ਦੋਸ਼ਾਂ ਤੋਂ ਇਨਕਾਰ ਕੀਤਾ।