ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਸਵੇਰੇ ਤਿੰਨ ਨੌਜਵਾਨ ਬਹੁਤ ਸੰਵੇਦਨਸ਼ੀਲ ਮੰਨੇ ਜਾਂਦੇ ਇੰਡੀਆ ਗੇਟ ਖੇਤਰ ਵਿੱਚ ਡਰੋਨ ਉਡਾਉਂਦੇ ਹੋਏ ਫੜ੍ਹੇ ਗਏ ਹਨ। ਨੌਜਵਾਨ ਡਰੋਨ ਰਾਹੀਂ ਵੀਡੀਓ ਰਿਕਾਰਡ ਕਰ ਰਹੇ ਸਨ, ਉਸ ਵੇਲੇ ਹੀ ਪੀਸੀਆਰ ਅਤੇ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸੁਰੱਖਿਆ ਏਜੰਸੀਆਂ ਵਿੱਚ ਹੰਗਾਮਾ
ਇੰਡੀਆ ਗੇਟ ਖੇਤਰ ਵਿੱਚ ਡਰੋਨ ਦੇ ਉਡਾਣ ਭਰਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਖ਼ਤੇ 'ਚ ਆ ਗਈਆਂ। ਇੰਟੈਲੀਜੈਂਸ ਬਿਊਰੋ ਅਤੇ ਸਪੈਸ਼ਲ ਸੈੱਲ ਦੀ ਟੀਮ ਨੇ ਇਨ੍ਹਾਂ ਮੁੰਡਿਆਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਅਤੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਮੁਲਜ਼ਮਾਂ ਦੀ ਪਛਾਣ ਧਰਮਿੰਦਰ ਵਾਸੀ ਨੋਇਡਾ, ਚਰਨਜੀਤ ਸਿੰਘ ਵਾਸੀ ਦਵਾਰਕਾ ਮੋੜ ਅਤੇ ਉਸ ਦੇ ਨਾਬਾਲਗ ਭਰਾ ਵਜੋਂ ਹੋਈ ਹੈ।
ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਡਰੋਨ, ਰਿਮੋਟ ਕੰਟਰੋਲ ਅਤੇ ਮੈਮਰੀ ਕਾਰਡ ਜ਼ਬਤ ਕਰ ਲਿਆ। ਇਸ ਸਬੰਧ ਵਿੱਚ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਡਾ. ਈਸ਼ ਸਿੰਘਲ ਨੇ ਦੱਸਿਆ ਕਿ ਜੋ ਤਿੰਨ ਮੁੰਡੇ ਡ੍ਰੋਨ ਉਡਾ ਰਹੇ ਸਨ ਉਹ ਯੂ ਟਿਊਬਰ ਹਨ। ਜੋ ਆਪਣੇ ਚੈਨਲ ਲਈ ਵੀਡੀਓ ਸ਼ੂਟ ਕਰ ਰਹੇ ਸਨ। ਇਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਨੇ ਕੁਝ ਗਲਤ ਨਹੀਂ ਪਾਇਆ ਹੈ।