ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਂਅ ਦੀ ਭਿਆਨਕ ਬਿਮਾਰੀ ਇਸ ਵੇਲੇ ਪੁਰੀ ਦੁਨੀਆ ਵਿੱਚ ਪੈਰ ਪਸਾਰ ਚੁੱਕੀ ਹੈ। ਭਾਰਤ ਸਰਕਾਰ ਨੇ ਇਸ ਤੋਂ ਅਤਿਹਿਆਤ ਲਈ ਅੱਧੇ ਮੁਲਕ ਵਿੱਚ ਤਾਲਾਬੰਦੀ ਕਰ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਨੂੰ ਵੀ ਸੋਮਵਾਰ ਤੜਕਸਾਰ 6 ਵਜੇ ਤੋਂ 31 ਮਾਰਚ ਅੱਧੀ ਰਾਤ 12 ਵਜੇ ਤੱਕ ਲੌਕਡਾਊਨ ਕਰ ਦਿੱਤਾ ਹੈ।
ਕੇਜਰੀਵਾਲ ਨੇ ਅੱਜ ਟਵੀਟ ਕਰ ਕੇ ਕਿਹਾ, "ਅੱਜ ਤੋਂ ਦਿੱਲੀ ਵਿੱਚ ਲੌਕਡਾਊਨ ਸ਼ੁਰੂ, ਮੇਰੇ ਦਿੱਲੀ ਵਾਸੀਓ, ਤੁਸੀਂ ਨਿੱਜੀ ਦਿੱਕਤਾਂ ਝੱਲ ਕੇ ਪ੍ਰਦੂਸ਼ਣ ਨੂੰ ਹਰਾਉਣ ਲਈ Odd Even ਕਰ ਵਿਖਾਇਆ, ਤੁਸੀਂ ਡੇਂਗੂ ਦੇ ਵਿਰੁੱਧ ਮਹਾ ਅਭਿਆਨ ਨੂੰ ਅਪਣਾਇਆ, ਮੈਨੂੰ ਵਿਸ਼ਵਾਸ ਹੈ ਕੋਵਿਡ-19 ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਤੁਸੀਂ ਲੌਕਡਾਊਨ ਵਿੱਚ ਵੀ ਆਪਣਾ ਸਹਿਯੋਗ ਦੇ ਕੇ ਇਸ ਲੜਾਈ ਨੂੰ ਜਿੱਤੋਗੇ।"
ਜ਼ਿਕਰ ਕਰ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਲੌਕਡਾਊਨ ਦਾ ਐਲਾਨ ਲੰਘੇ ਕੱਲ੍ਹ ਕੀਤੀ ਪ੍ਰੈਸ ਕਾਨਫ਼ਰੰਸ ਵਿੱਚ ਕੀਤਾ ਸੀ। ਇਸ ਦੌਰਾਨ ਦੱਸਿਆ ਕਿ ਇਸ ਲੌਕਡਾਊਨ ਵਿੱਚ ਕਿਹੜੀਆਂ ਸਹੂਲਤਾਂ ਮਿਲਣਗੀਆਂ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਭਲਕੇ ਸੋਮਵਾਰ ਤੋਂ 31 ਮਾਰਚ ਤੱਕ ਦਿੱਲੀ ਦੀਆਂ ਸਾਰੀਆਂ ਘਰੇਲੂ ਉਡਾਣਾਂ 'ਤੇ ਪਾਬੰਦੀ ਰਹੇਗੀ। ਮੁੱਖ ਮੰਤਰੀ ਕੇਜਰੀਵਾਲ ਦੇ ਐਲਾਨ ਤੋਂ ਬਾਅਦ ਸਿਵਲ ਹਵਾਬਾਜ਼ੀ ਵਿਭਾਗ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਜਾਰੀ ਰਹਿਣਗੀਆਂ ਅਤੇ ਹਵਾਈ ਅੱਡੇ ਪਹਿਲਾਂ ਵਾਂਗ ਚੱਲਦਾ ਰਹੇਗਾ।
ਰਾਜਧਾਨੀ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ ਅਤੇ ਪੂਰੇ ਮੁਲਕ ਵਿੱਚ ਇਸ ਦੇ ਕੇਸ 400 ਦੇ ਅੰਕੜੇ ਨੂੰ ਛੂਹਣ ਵਾਲੇ ਹਨ। ਕੇਂਦਰੀ ਸਿਹਤ ਵਿਭਾਗ ਮੁਤਾਬਕ ਦੇਸ਼ ਵਿੱਚ ਇਸ ਵਾਇਰਸ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਬਿਹਾਰ ਅਤੇ ਕਰਨਾਟਕ ਸੂਬਾ ਸ਼ਾਮਲ ਹਨ।