ਨਵੀਂ ਦਿੱਲੀ: ਜਾਮੀਆ ਨਗਰ ਹਿੰਸਾ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਰਿਹਾਈ, ਜਾਮੀਆ ਹਿੰਸਾ ਦੀ ਜਾਂਚ, ਜ਼ਖਮੀਆਂ ਨੂੰ ਮਦਦ, ਵਿਦਿਆਰਥੀਆਂ ਦੀ ਗ੍ਰਿਫ਼ਤਾਰੀ 'ਤੇ ਰੋਕ ਜਿਹੇ ਮਾਮਲਿਆਂ ਲਈ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ। ਜਿਨ੍ਹਾਂ 'ਤੇ ਵੀਰਵਾਰ ਨੂੰ ਅਦਾਲਤ ਨੇ 'ਤੇ ਸੁਣਵਾਈ ਕੀਤੀ। ਅਦਾਲਤ ਨੇ ਅਗਲੀ ਸੁਣਵਾਈ ਲਈ 4 ਫਰਵਰੀ ਦੀ ਤਰੀਕ ਤੈਅ ਕੀਤੀ ਹੈ।
ਅਦਾਲਤ ਨੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ 'ਤੇ ਅੰਤਰਿਮ ਰੋਕ ਲਗਾਉਣ ਦੀ ਮੰਗ ਰੱਦ ਕਰ ਦਿੱਤੀ। ਉੱਥੇ ਪਟੀਸ਼ਨਕਰਤਾਵਾਂ ਦੇ ਵਕੀਲ ਵੱਲੋਂ ਕੀਤੀ ਗਈ ਜਲਦ ਸੁਣਵਾਈ ਦੀ ਮੰਗ ਨੂੰ ਵੀ ਅਦਾਲਤ ਨੇ ਨਾਮਨਜ਼ੂਰ ਕਰ ਦਿੱਤਾ। ਇਸ ਮਾਮਲੇ ਸਬੰਧੀ ਪਹਿਲਾਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ 'ਤੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਟੀਸ਼ਨਕਰਤਾ ਹਾਈ ਕੋਰਟ ਕੋਲ ਜਾਣ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਕਾਨੂੰਨ ਵਿਰੁੱਧ ਜਾਮੀਆ ਯੂਨੀਵਰਸਿਟੀ ’ਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਐਤਵਾਰ ਨੂੰ ਉਦੋਂ ਹਿੰਸਾ ਦਾ ਰੂਪ ਲੈ ਲਿਆ, ਜਦੋਂ ਪੁਲਿਸ ਨੇ ਯੂਨੀਵਰਸਿਟੀ ਕੈਂਪਸ ਵਿੱਚ ਦਾਖਲ ਹੋ ਕੇ ਤਾਕਤ ਦੀ ਵਰਤੋਂ ਕੀਤੀ। ਐਤਵਾਰ ਨੂੰ ਇਸ ਕਾਨੂੰਨ ਵਿਰੁੱਧ ਨਿਊ ਫ਼ਰੈਂਡਜ਼ ਕਾਲੋਨੀ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਹੋਈ ਝੜਪ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਤੇ ਪੁਲਿਸ ਦੇ ਦੋ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਪੂਰੀ ਘਟਨਾ ਵਿੱਚ ਵਿਦਿਆਰਥੀ, ਪੁਲਿਸ ਤੇ ਅੱਗ ਬੁਝਾਉਣ ਵਾਲੇ ਇੱਕ ਮੁਲਾਜ਼ਮ ਸਣੇ ਲਗਭਗ 60 ਵਿਅਕਤੀ ਜ਼ਖ਼ਮੀ ਹੋਏ ਸਨ।