ਨਵੀਂ ਦਿੱਲੀ: ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਜਾਂਚ ਰਿਪੋਰਟ ਨਕਾਰਾਤਮਕ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਤੇਜ਼ ਬੁਖ਼ਾਰ ਅਤੇ ਸਾਹ ਲੈਣ ਵਿੱਚ ਥੋੜੀ ਮੁਸ਼ਕਲ ਤੋਂ ਬਾਅਦ, ਉਨ੍ਹਾਂ ਨੂੰ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਸਿਹਤ ਖ਼ਰਾਬ ਹੋਣ ਤੋਂ ਬਾਅਦ, ਸਤੇਂਦਰ ਜੈਨ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ, ਜਿਸ ਦੀ ਰਿਪੋਰਟ ਨਕਾਰਾਤਮਕ ਆਈ।
ਦਿੱਲੀ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ, "ਬੀਤੀ ਰਾਤ ਮੈਨੂੰ ਕਾਫੀ ਬੁਖ਼ਾਰ ਅਤੇ ਆਕਸੀਜਨ ਦੇ ਪੱਧਰ ਵਿੱਚ ਅਚਾਨਕ ਗਿਰਾਵਟ ਆਉਣ ਕਾਰਨ ਆਰਜੀਐਸਐਸਐਚ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੈਂ ਸਭ ਨੂੰ ਜਾਣਕਾਰੀ ਦਿੰਦਾ ਰਹਾਂਗਾ।"
ਮੁੱਖ ਮੰਤਰੀ ਕੇਜਰੀਵਾਲ ਦਾ ਟਵੀਟ
ਇਸ ਦੇ ਨਾਲ ਹੀ ਸੀਐਮ ਕੇਜਰੀਵਾਲ ਨੇ ਮੰਤਰੀ ਸਤੇਂਦਰ ਜੈਨ ਦੀ ਸਿਹਤ ਨੂੰ ਲੈ ਕੇ ਟਵੀਟ ਕੀਤਾ ਅਤੇ ਲਿਖਿਆ, "ਆਪਣੀ ਸਿਹਤ ਦਾ ਖ਼ਿਆਲ ਰੱਖੇ ਬਿਨਾਂ ਤੁਸੀਂ 24 ਘੰਟੇ ਲੋਕ ਸੇਵਾ ਵਿੱਚ ਲੱਗੇ ਰਹੇ। ਖ਼ਿਆਲ ਰੱਖੋ ਅਤੇ ਜਲਦੀ ਠੀਕ ਹੋ ਜਾਓ।"