ਨਵੀਂ ਦਿੱਲੀ: ਰਾਣੀ ਝਾਂਸੀ ਰੋਡ 'ਤੇ ਸਥਿਤ ਅਨਾਜ ਮੰਡੀ ਕੋਲ ਇੱਕ ਫ਼ੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 64 ਲੋਕਾਂ ਵਿੱਚੋਂ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਕਰਕੇ ਹੋਈ ਹੈ।
ਦਿੱਲੀ ਵਿੱਚ ਹੋਈ ਇਸ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕਰਦਿਆਂ ਹੋਇਆਂ ਕਿ ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਅਨਾਜ ਮੰਡੀ ਨੇੜੇ ਅੱਗ ਲੱਗਣ ਦੀ ਘਟਨਾ ਭਿਆਨਕ ਹੈ। ਮੇਰੀ ਉਨ੍ਹਾਂ ਨਾਲ ਹਮਦਰਦੀ ਹੈ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣਿਆਂ ਨੂੰ ਗੁਆਇਆ ਹੈ। ਇਸ ਦੇ ਨਾਲ ਹੀ ਉਹ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹਨ। ਪ੍ਰਸ਼ਾਸਨ ਘਟਨਾ ਵਾਲੀ ਥਾਂ ‘ਤੇ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਰਾਹੁਲ ਗਾਂਧੀ ਨੇ ਅੱਗ ਲੱਗਣ ਦੀ ਘਟਨਾ 'ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ, "ਮੈਂ ਦਿੱਲੀ ਦੀ ਅਨਾਜ ਮੰਡੀ ਵਿੱਚ ਕਈ ਲੋਕਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਤੋਂ ਹੈਰਾਨ ਹਾਂ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਜ਼ਖ਼ਮੀਆਂ ਦੀ ਜਲਦੀ ਸ਼ੁੱਭ ਕਾਮਨਾ ਕਰਦਾ ਹਾਂ।"
ਦੱਸ ਦਈਏ, ਐਲਐਨਜੇਪੀ ਹਸਪਤਾਲ ਵਿੱਚ 53 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ 34 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 10 ਵਿਅਕਤੀਆਂ ਨੂੰ ਲੇਡੀ ਹਾਰਡਿੰਗ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ, ਜਿਸ ਵੇਲੇ ਫੈਕਟਰੀ ਨੂੰ ਅੱਗ ਲੱਗੀ ਉਸ ਵੇਲੇ ਬਹੁਤ ਸਾਰੇ ਮਜ਼ਦੂਰ ਸੁੱਤੇ ਹੋਏ ਸਨ।